ਹਥਿਆਰਬੰਦ ਵਿਅਕਤੀਆਂ ਵੱਲੋਂ ਘਰ ’ਤੇ ਹਮਲਾ; ਮਾਲਕ ਜ਼ਖ਼ਮੀ

ਮਲੋਟ- ਵਾਰਡ ਨੰ. 4, ਕੈਂਪ ਏਰੀਆ ਨੇੜੇ ਕ੍ਰਿਸ਼ਨਾ ਧਰਮਸ਼ਾਲਾ ਵਿੱਚ ਲੰਘੀ ਦੇਰ ਰਾਤ ਦੋ ਦਰਜਨ ਤੇਜ਼ਧਾਰ ਹਥਿਆਰਬੰਦ ਵਿਅਕਤੀਆਂ ਨੇ ਇੱਕ ਘਰ ‘ਤੇ ਹਮਲਾ ਕਰ ਕੇ ਘਰ ਦੇ ਮਾਲਕ ਸੁਨੀਲ ਕੁਮਾਰ ਸ਼ੰਟੀ ਪੁੱਤਰ ਸੁੂਰਜਬਲ ਸ਼ਰਮਾ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ, ਜੋ ਸਥਾਨਕ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਸੁਨੀਲ ਕੁਮਾਰ ਸ਼ੰਟੀ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਵਾਲੀ ਗਲੀ ਵਿੱਚ ਰਹਿੰਦੀ ਪੂਜਾ ਰਾਣੀ ਨਾਮਕ ਔਰਤ ਨਾਲ ਉਸ ਦੀ ਪੁਰਾਣੀ ਰੰਜਿਸ਼ ਹੈ। ਕਈ ਵਾਰ ਝਗੜਾ ਪੰਚਾਇਤੀ ਤੌਰ ‘ਤੇ ਵੀ ਨਿਬੜ ਚੁੱਕਾ ਹੈ, ਪਰ ਬਾਵਜੂਦ ਇਸਦੇ ਉਕਤ ਔਰਤ ਵਾਰ-ਵਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਸ ‘ਤੇ ਹਮਲਾ ਕਰਵਾਉਂਦੀ ਰਹਿੰਦੀ ਹੈ। ਉਸ ਨੇ ਦੱਸਿਆ ਕਿ ਪਹਿਲਾਂ ਵੀ ਉਸ ’ਤੇ 4-5 ਵਾਰ ਜਾਨਲੇਵਾ ਹਮਲਾ ਹੋ ਚੁੱਕਾ ਹੈ। ਉਸ ਨੇ ਦੱਸਿਆ ਕਿ ਲੰਘੀ 23 ਤਰੀਕ ਨੂੰ ਉਸਦੇ ਭੁਲੇਖੇ ਉਸਦੇ ਭਰਾ ‘ਤੇ ਵੀ ਜਾਨਲੇਵਾ ਹਮਲਾ ਹੋ ਚੁੱਕਾ ਹੈ ਪਰ ਪੁਲੀਸ ਨੇ ਅੱਜ ਤੱਕ ਕਿਸੇ ਵੀ ਵਿਅਕਤੀ ਨੂੰ ਨਾ ਤਾਂ ਹਿਰਾਸਤ ‘ਚ ਲਿਆ ਹੈ ਅਤੇ ਨਾ ਹੀ ਕਿਸੇ ਖਿਲਾਫ ਕੋਈ ਕਾਰਵਾਈ ਕੀਤੀ ਹੈ।
ਪੁਲੀਸ ਨੇ ਇਸ ਮਾਮਲੇ ਵਿੱਚ 12 ਨਾਮਜ਼ਦ ਅਤੇ 8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 307 ਅਤੇ 452 ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਸ਼ੰਟੀ ਨੇ ਦੱਸਿਆ ਹੈ ਕਿ ਉਸ ’ਤੇ 20 ਵਿਅਕਤੀਆਂ ਨੇ ਹਮਲਾ ਕੀਤਾ ਹੈ, ਜਿਨ੍ਹਾਂ ਵਿਚੋਂ ਰਾਜ ਕੁਮਾਰ ਗਰੋਵਰ, ਸੋਨੂੰ ਗਰੋਵਰ, ਅਵੀ ਗਰੋਵਰ, ਬੱਖੂ ਗਰੋਵਰ, ਰੋਹਿਤ ਬਠਲਾ ਉਰਫ ਬੁੱਚੀ, ਗੱਗੂ ਕਾਲੜਾ, ਲਾਡੀ ਕਰਮਗੜੀਆ, ਮੰਨੂੰ ਪੋਪਲੀ, ਕੋਕਾ ਪੋਪਲੀ, ਸ਼ਿਵ ਕੁਮਾਰ, ਕਪਿਲ ਡਾਵਰ, ਰੌਕੀ ਡਾਵਰ ਆਦਿ ਨੂੰ ਉਹ ਪਛਾਣਦਾ ਹੈ। ਜਾਂਚ ਅਫਸਰ ਸਹਾਇਕ ਥਾਣੇਦਾਰ ਸੁਖਰਾਜ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਸੁਨੀਲ ਕੁਮਾਰ ਸ਼ੰਟੀ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ ਅਤੇ ਅਗਲੇਰੀ ਕਾਰਵਾਈ ਜਾਰੀ ਹੈ।