ਸੰਘਰਸ਼ੀ ਅਧਿਆਪਕਾਂ ਨੇ ਖ਼ੂਨ ਦੇ ਚਿਰਾਗ਼ ਬਾਲੇ

ਸਾਂਝਾ ਅਧਿਆਪਕ ਮੋਰਚਾ ਦੇ ਸੱਦੇ ’ਤੇ ਚਾਰ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਫਤਿਹਗੜ੍ਹ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਕਾਲੀ ਦੀਵਾਲੀ ਮਨਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਥਾਨਕ ਘਰ ‘ਨਿਊ ਮੋਤੀ ਮਹਿਲ’ ਵੱਲ ਕਾਲੇ ਝੰਡਿਆਂ ਨਾਲ ਰੋਸ ਮਾਰਚ ਕਰਕੇ ਮਹਿਲਾਂ ਅੱਗੇ ਰੋਸ ਧਰਨਾ ਦਿੱਤਾ| ਪੁਲੀਸ ਨੇ ਅਧਿਆਪਕਾਂ ਨੂੰ ਕਈ ਥਾਈਂ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਅਧਿਆਪਕ ਮੋਤੀ ਮਹਿਲ ਦੀ ਸੱਜੇ ਪਾਸੇ ਵਾਲੀ ਕੰਧ ਲਾਗੇ ਪੈਂਦੇ ‘ਤਿਕੋਣ ਚੌਕ’ ਕੋਲ ਪਹੁੰਚਣ ’ਚ ਕਾਮਯਾਬ ਰਹੇ। ਇਸ ਦੌਰਾਨ ਪੁਲੀਸ ਵੱਲੋਂ ਕੁਝ ਅਧਿਆਪਕਾਂ ਪਾਸੋਂ ਕਾਲੇ ਝੰਡੇ ਖੋਹਣ ’ਤੇ ਦੋਵੇਂ ਧਿਰਾਂ ਦਰਮਿਆਨ ਮਾਹੌਲ ਕੁਝ ਅਣਸੁਖਾਵਾਂ ਬਣਿਆ ਰਿਹਾ| ਨਾਕੇ ’ਤੇ ਮਹਿਲਾ ਅਧਿਆਪਕਾਂ ਦੀ ਖਿੱਚ-ਧੂਹ ਹੋਣ ਦੇ ਦੋਸ਼ ਵੀ ਲੱਗੇ| ਮੋਤੀ ਮਹਿਲ ਅੱਗੇ ਰੋਸ ਧਰਨਾ ਦੇਣ ਮਗਰੋਂ ਪੱਕੇ ਮੋਰਚੇ ’ਚ ਪਰਤੇ ਅਧਿਆਪਕਾਂ ਸੁਰਿੰਦਰ ਬਿੱਲਾਪੱਟੀ ਫਾਜ਼ਿਲਕਾ, ਤਰਪਿੰਦਰ ਮਾਲਸਾ, ਹਰਮੇਸ਼ ਕਟਾਰੀਆ ਬਠਿੰਡਾ, ਜਸਪਾਲ ਚੌਧਰੀ ਪਟਿਆਲਾ ਅਤੇ ਲਖਵੀਰ ਸੰਗਰੂਰ ਨੇ ਆਪਣਾ ਖੂਨ ਕੱਢ ਕੇ ਦੀਵੇ ਬਾਲੇ। ਸੰਘਰਸ਼ੀ ਅਧਿਆਪਕਾਂ ਨੇ ਆਪਣੇ ਘਰਾਂ ਦੇ ਬਨੇਰਿਆਂ ’ਤੇ ਕਾਲੇ ਝੰਡੇ ਲਹਿਰਾਏ| ਉਨ੍ਹਾਂ ਆਪਣੇ ਬੂਹਿਆਂ ਅੱਗੇ ਇਹ ਹੋਕਾ ਦਿੰਦੇ ਪੋੋਸਟਰ ਵੀ ਚਿਪਕਾਏ ਕਿ ਅਗਾਂਹ ਤੋਂ ਕਿਸੇ ਵੀ ਚੋਣ ਦੰਗਲ ਦੌਰਾਨ ਅਧਿਆਪਕਾਂ ਦੇ ਘਰੋਂ ਕੋਈ ਕਾਂਗਰਸੀ ਵੋਟ ਮੰਗਣ ਲਈ ਜ਼ਹਿਮਤ ਨਾ ਕਰੇ| ਅਧਿਆਪਕ ਪੁਲੀਸ ਨੂੰ ਚਕਮਾ ਦਿੰਦਿਆਂ ਵੱਖ ਵੱਖ ਰਸਤਿਆਂ ਤੋਂ ਹੁੰਦੇ ਹੋਏ ਰਾਘੋ ਮਾਜਰਾ ਵਾਲੀ ਪੁਲੀ ਤੋਂ ਘੁੰਮਦਿਆਂ ਮੋਤੀ ਮਹਿਲ ਵੱਲ ਵਧੇ| ਵੱਡੀ ਗਿਣਤੀ ’ਚ ਤਾਇਨਾਤ ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਮਨੁੱਖੀ ਚੇਨ ਅਤੇ ਰੱਸਿਆਂ ਦੇ ਬੈਰੀਕੇਡ ਜ਼ਰੀਏ ਥੰਮ੍ਹਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸੰਘਰਸ਼ੀ ਅਧਿਆਪਕ ਪੁਲੀਸ ਰੋਕਾਂ ਨੂੰ ਤੋੜਦਿਆਂ ਮਹਿਲਾਂ ਵੱਲ ਨੂੰ ਜਬਰੀ ਭੱਜ ਉਠੇ| ਅਧਿਆਪਕਾਂ ਨੇ ਮਹਿਲ ਦੀ ਸੱਜੀ ਕੰਧ ਸਾਹਮਣੇ ਰੋਸ ਧਰਨਾ ਦਿੱਤਾ। ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਨੇ ਧਰਨੇ ’ਚ ਪਹੁੰਚ ਕੇ ਭਰੋਸਾ ਦਿੱਤਾ ਕਿ ਅਧਿਆਪਕਾਵਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮੋਰਚੇ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ ਅਤੇ ਸੂਬਾ ਕੋ-ਕਨਵੀਨਰ ਹਰਦੀਪ ਸਿੰਘ ਟੋਡਰਪੁਰ ਨੇ ਆਖਿਆ ਕਿ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ| ਉਧਰ ਐਸਪੀ ਸਿਟੀ ਕੇਸਰ ਸਿੰਘ ਨੇ ਅਧਿਆਪਕਾਂ ’ਤੇ ਲਾਠੀਚਾਰਜ ਜਾਂ ਖਿੱਚ-ਧੂਹ ਦੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਅਧਿਆਪਕਾਂ ਦੀ ਨੀਯਤ ਮਾਹੌਲ ਨੂੰ ਭੜਕਾਉਣ ਦੀ ਸੀ|