ਸੜਕ ਹਾਦਸੇ ਵਿੱਚ ਦਰਜਨ ਵਿਅਕਤੀ ਜ਼ਖ਼ਮੀ

ਗੜ੍ਹਸ਼ੰਕਰ ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਸਮੁੰਦੜਾ ਕੋਲ ਵਾਪਰੇ ਸੜਕ ਹਾਦਸੇ ’ਚ ਦਰਜਨ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ’ਚ ਦਾਖਲ ਕਰਾਇਆ ਗਿਆ। ਵੇਰਵਿਆਂ ਅਨੁਸਾਰ ਆਟੋ ਰਿਕਸ਼ਾ ਵਿੱਚ ਸਵਾਰੀਆਂ ਪਿੰਡ ਮਾਣੇਵਾਲ (ਬਲਾਚੌਰ) ਤੋਂ ਪਿੰਡ ਘਾਗੋਂ ਗੁਰੂ (ਗੜ੍ਹਸ਼ੰਕਰ) ਵੱਲ ਨੂੰ ਅਫਸੋਸ ਪ੍ਰਗਟ ਕਰਨ ਜਾ ਰਹੀਆਂ ਸਨ ਕਿ ਬਾਜ਼ੀਗਰ ਬਸਤੀ ਨੇੜੇ ਸਮੁੰਦੜਾ ਪਿੱਛੋਂ ਅਣਪਛਾਤੀ ਕਾਰ ਦੇ ਟੱਕਰ ਵੱਜਣ ਕਾਰਨ ਸੜਕ ਕਿਨਾਰੇ ਖੜ੍ਹੀ ਮਰੂਤੀ ਕਾਰ ਨਾਲ ਜਾ ਟਕਰਾਇਆ ਜਿਸ ਕਾਰਨ ਰਾਜੇਸ਼ ਕੁਮਾਰ,ਮੋਹਣ ਲਾਲ,ਅਮਰ ਕੌਰ,ਬਲਬੀਰ ਕੌਰ,ਕ੍ਰਿਸ਼ਨਾ ਦੇਵੀ,ਕਮਲਜੀਤ,ਸਰਬਜੀਤ ਕੌਰ ਤੇ ਨੀਲਮ ਆਦਿ ਗੰਭੀਰ ਜ਼ਖ਼ਮੀ ਹੋ ਗਈਆਂ ਜਦੋਂਕਿ ਕਾਰ ਕੋਲ ਖੜ੍ਹੇ ਸੰਦੀਪ ਕੁਮਾਰ ਤੇ ਅਜੈ ਕੁਮਾਰ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ’ਚ ਦਾਖਲ ਕਰਾਇਆ ਗਿਆ।
ਪਠਾਨਕੋਟ (ਪੱਤਰ ਪ੍ਰੇਰਕ) ਨੰਗਲਭੂਰ ਆਰਮੀ ਸਕੂਲ ਪੜ੍ਹਦੇ 2 ਵਿਦਿਆਰਥੀ ਛੁੱਟੀ ਬਾਅਦ ਆਪਣੇ ਘਰ ਇੰਦੌਰਾ ਵੱਲ ਨੂੰ ਜਾ ਰਹੇ ਸਨ ਕਿ ਅੱਗੇ ਪਿੰਡ ਜਿੰਦੜੀ ਦੇ ਕੋਲ ਤਿੱਖਾ ਮੋੜ ਆਉਣ ਕਾਰਨ ਉਨ੍ਹਾਂ ਦੀ ਸਕੂਟਰੀ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ ਜਿਸ ਨਾਲ ਸਕੂਟੀ ’ਤੇ ਸਵਾਰ ਇਕ ਵਿਦਿਆਰਥੀ ਦੀ ਮੌਤ ਹੋ ਗਈ ਜਦੋਂਕਿ ਦੂਸਰਾ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇੰਦੌਰਾ ਥਾਣੇ ਦੇ ਸਹਿ ਇੰਚਾਰਜ ਮਹਿੰਦਰ ਸ਼ਰਮਾ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਦੋਨੋਂ ਵਿਦਿਆਰਥੀ ਆਰਮੀ ਸਕੂਲ ਨੰਗਲਭੂਰ ਵਿੱਚ ਪੜ੍ਹਦੇ ਸਨ ਤੇ ਛੁੱਟੀ ਮਗਰੋਂ ਘਰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਹੁਲ ਕੁਮਾਰ (17) ਪੁੱਤਰ ਵਿਜੇ ਕੁਮਾਰ ਵਾਸੀ ਚੁਵਾੜੀ (ਹਿ.ਪ੍ਰ.) ਵਜੋਂ ਹੋਈ ਜੋ ਇੱਥੇ ਕਿਰਾਏ ਦੇ ਮਕਾਨ ’ਤੇ ਰਹਿੰਦਾ ਸੀ ਜਦੋਂਕਿ ਜ਼ਖ਼ਮੀ ਦੀ ਪਛਾਣ ਸੂਰਜ (17) ਵਾਸੀ ਇੰਦੌਰਾ ਵਜੋਂ ਹੋਈ ਹੈ।