ਸ੍ਰੀਨਗਰ ਮੁਕਾਬਲੇ ’ਚ ਪੁਲੀਸ ਕਰਮੀ ਸ਼ਹੀਦ; ਕੁਝ ਇਲਾਕਿਆਂ ’ਚ ਕਰਫਿਊ ਲਗਾਇਆ

Srinagar: Youth throw stones at the police during clashes near the house where militants were hiding during an encounter with the security forces, at Fateh Kadal in Srinagar, Wednesday, Oct 17, 2018. (PTI Photo) (PTI10_17_2018_000086B)

ਸ਼ਹਿਰ ’ਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਦਰਮਿਆਨ ਬੁੱਧਵਾਰ ਨੂੰ ਹੋਏ ਮੁਕਾਬਲੇ ਦੌਰਾਨ ਕਈ ਹੱਤਿਆਵਾਂ ’ਚ ਲੋੜੀਂਦੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਸਮੇਤ ਤਿੰਨ ਦਹਿਸ਼ਤਗਰਦ ਮਾਰੇ ਗਏ। ਮੁਕਾਬਲੇ ਦੌਰਾਨ ਇਕ ਪੁਲੀਸ ਕਰਮੀ ਸ਼ਹੀਦ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਸਾਰੇ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਹੈ ਅਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਰੋਕ ਦਿੱਤੀਆਂ ਹਨ। ਉਧਰ ਮੁਕਾਬਲੇ ਮਗਰੋਂ ਪੁਰਾਣੇ ਸ਼ਹਿਰ ਦੇ ਕਈ ਹਿੱਸਿਆਂ ’ਚ ਸ਼ਰਾਰਤੀ ਅਨਸਰਾਂ ਨੇ ਸੁਰੱਖਿਆ ਬਲਾਂ ’ਤੇ ਪਥਰਾਅ ਕੀਤਾ। ਝੜਪਾਂ ਮਗਰੋਂ ਕੁਝ ਥਾਵਾਂ ’ਤੇ ਕਰਫਿਊ ਲਗਾ ਦਿੱਤਾ ਗਿਆ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਫਤਹਿ ਕਦਲ ਇਲਾਕੇ ’ਚ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਖ਼ੁਫ਼ੀਆ ਸੂਹ ਮਿਲਣ ਮਗਰੋਂ ਪੁਲੀਸ ਅਤੇ ਸੀਆਰਪੀਐਫ ਨੇ ਤੜਕੇ ਇਲਾਕੇ ਦਾ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ ਸੀ। ਕਸ਼ਮੀਰ ਦੇ ਆਈਜੀ ਸਵਯਮ ਪ੍ਰਕਾਸ਼ ਪਾਨੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਮਹਿਰਾਉਦੀਨ ਬਾਂਗਰੂ ਸਮੇਤ ਤਿੰਨ ਦਹਿਸ਼ਤਗਰਦ ਮਾਰੇ ਗਏ। ਬਾਕੀ ਦੋ ਦਹਿਸ਼ਤਗਰਦਾਂ ਦੀ ਪਛਾਣ ਫਹਾਦ ਵਜ਼ਾ ਅਤੇ ਸਹਾਇਕ ਰਈਸ, ਜੋ ਘਰ ਦੇ ਮਾਲਕ ਦਾ ਪੁੱਤਰ ਸੀ, ਵਜੋਂ ਹੋਈ ਹੈ। ਆਈਜੀ ਨੇ ਕਿਹਾ ਕਿ ਬਾਂਗਰੂ ਲਸ਼ਕਰ ਦਾ ਮੁੱਖ ਕੋਆਰਡੀਨੇਟਰ ਸੀ ਅਤੇ ਉਸ ਦੇ ਖ਼ਾਤਮੇ ਨਾਲ ਸੁਰੱਖਿਆ ਬਲਾਂ ਨੂੰ ਵੱਡੀ ਪ੍ਰਾਪਤੀ ਮਿਲੀ ਹੈ। ਮੁਕਾਬਲੇ ਦੌਰਾਨ ਸਿਪਾਹੀ ਕਮਲ ਕਿਸ਼ੋਰ ਹਲਾਕ ਹੋ ਗਿਆ। ਮੁਕਾਬਲੇ ਦੌਰਾਨ ਮਕਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਜਿਸ ਮਗਰੋਂ ਉਥੇ ਛਿਪੇ ਦਹਿਸ਼ਤਗਰਦਾਂ ਨੇ ਘਰੋਂ ਭੱਜ ਕੇ ਨੇੜਲੇ ਘਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਗਲੀ ’ਚ ਹੀ ਮਾਰ ਮੁਕਾਇਆ ਗਿਆ। ਇਸ ਦੌਰਾਨ ਮੁਕਾਬਲੇ ਦੀ ਕਵਰੇਜ ਕਰ ਰਹੇ ਤਿੰਨ ਮੀਡੀਆਕਰਮੀਆਂ ਦਾ ਸੁਰੱਖਿਆ ਬਲਾਂ ਨੇ ਕੁਟਾਪਾ ਚਾੜ੍ਹਿਆ। ਪੁਲੀਸ ਨੇ ਇਸ ਘਟਨਾ ’ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਕਸ਼ਮੀਰ ਪ੍ਰੈੱਸ ਕਲੱਬ ਨੇ ਘਟਨਾ ਦੀ ਨਿਖੇਧੀ ਕਰਦਿਆਂ ਸੁਰੱਖਿਆ ਬਲਾਂ ਦੇ ਵਤੀਰੇ ਦੀ ਨਿਖੇਧੀ ਕੀਤੀ ਹੈ।