ਦਹਿਸ਼ਤਗਰਦਾਂ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਕਾਨਫਰੰਸ ਦੇ ਦੋ ਵਰਕਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲੇ ’ਚ ਪਾਰਟੀ ਦਾ ਇਕ ਅਹੁਦੇਦਾਰ ਵੀ ਜ਼ਖ਼ਮੀ ਹੋਇਆ ਹੈ। ਕਸ਼ਮੀਰ ’ਚ ਸਥਾਨਕ ਚੋਣਾਂ ਦੇ ਪਹਿਲੇ ਗੇੜ ਤੋਂ ਤਿੰਨ ਦਿਨ ਪਹਿਲਾਂ ਦਹਿਸ਼ਤਗਰਦਾਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਬੰਦੂਕਧਾਰੀਆਂ ਨੇ ਕਾਰਫਾਲੀ ਮੁਹੱਲੇ ’ਚ ਨੈਸ਼ਨਲ ਕਾਨਫਰੰਸ ਦੇ ਤਿੰਨ ਵਰਕਰਾਂ ’ਤੇ ਗੋਲੀਆਂ ਚਲਾਈਆਂ। ਉਨ੍ਹਾਂ ਨੂੰ ਤੁਰੰਤ ਨੇੜਲੇ ਐਸਐਮਐਚਐਸ ਹਸਪਤਾਲ ਪਹੁੰਚਾਇਆ ਗਿਆ ਜਿਥੇ ਦੋ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਮੁਸ਼ਤਾਕ ਅਹਿਮਦ ਵਾਨੀ ਅਤੇ ਨਜ਼ੀਰ ਅਹਿਮਦ ਭੱਟ ਵਜੋਂ ਹੋਈ ਹੈ। ਭੱਟ ਹੱਬਾਕਦਲ ਤੋਂ ਵਿਧਾਇਕ ਸ਼ਮੀਮਾ ਫਿਰਦੌਸ ਦੇ ਲੋਕ ਸੰਪਰਕ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਸ਼ਕੀਲ ਅਹਿਮਦ ਗਨਈ ਵਜੋਂ ਹੋਈ ਹੈ ਜੋ ਨੈਸ਼ਨਲ ਕਾਨਫਰੰਸ ਦਾ ਹਲਕਾ ਪ੍ਰਧਾਨ ਹੈ। ਕਸ਼ਮੀਰ ’ਚ ਗ੍ਰਾਮ ਪੰਚਾਇਤ ਨੂੰ ਹਲਕੇ ਵਜੋਂ ਜਾਣਿਆ ਜਾਂਦਾ ਹੈ। ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਭਾਲ ਲਈ ਮੁਹਿੰਮ ਆਰੰਭ ਦਿੱਤੀ ਹੈ। ਕਸ਼ਮੀਰ ’ਚ ਸਥਾਨਕ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ 8 ਅਕਤੂਬਰ ਨੂੰ ਪੈਣੀਆਂ ਹਨ ਅਤੇ ਨੈਸ਼ਨਲ ਕਾਨਫਰੰਸ ਤੇ ਪੀਡੀਪੀ ਨੇ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੋਇਆ ਹੈ। ਸੁਪਰੀਮ ਕੋਰਟ ’ਚ ਸੰਵਿਧਾਨ ਦੀ ਧਾਰਾ 35ਏ ਨੂੰ ਚੁਣੌਤੀ ਦਿੱਤੇ ਜਾਣ ਦਾ ਦੋਵੇਂ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
INDIA ਸ੍ਰੀਨਗਰ ’ਚ ਨੈਸ਼ਨਲ ਕਾਨਫਰੰਸ ਦੇ ਦੋ ਵਰਕਰਾਂ ਦੀ ਹੱਤਿਆ