ਸੈਕਟਰ-33 ਦੇ ਟੈਰੇਸ ਗਾਰਡਨ ਵਿੱਚ ਗੁਲਦਾਉਦੀ ਮੇਲਾ ਸ਼ੁਰੂ

ਵੰਨ ਸੁਵੰਨੇ ਫੁੱਲਾਂ ਵਾਲਾ ਗੁਲਦਾਉਦੀ ਸ਼ੋਅ ਅੱਜ ਇਥੇ ਸੈਕਟਰ-33 ਦੇ ਟੈਰੇਸ ਗਾਰਡਨ ਵਿੱਚ ਸ਼ੁਰੂ ਹੋ ਗਿਆ। ਚੰਡੀਗੜ੍ਹ ਨਗਰ ਨਿਗਮ ਵਲੋਂ ਹਰ ਸਾਲ ਲਗਾਏ ਜਾਂਦੇ ਇਸ ਤਿੰਨ-ਰੋਜ਼ਾ ਸ਼ੋਅ ਦਾ ਉਦਘਾਟਨ ਮੇਅਰ ਦੇਵੇਸ਼ ਮੋਦਗਿਲ ਨੇ ਕੀਤਾ। ਇਸ ਦੌਰਾਨ 250 ਤੋਂ ਜ਼ਿਆਦਾ ਕਿਸਮਾਂ ਦੇ ਫੁੱਲਾਂ ਨੂੰ ਪ੍ਰਦਰਸ਼ਨੀ ਵਿੱਚ ਲਾਇਆ ਗਿਆ ਹੈ। ਮੁੱਖ ਮਹਿਮਾਨ ਸ੍ਰੀ ਮੌਦਗਿਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਚੰਡੀਗੜ੍ਹ ਦੁਨੀਆਂ ਭਰ ਵਿਚ ਆਪਣੇ ਸੁੰਦਰ ਪਾਰਕਾਂ ਲਈ ਮਸ਼ਹੂਰ ਹੈ। ਉਨ੍ਹਾਂ ਨੇ ਟੈਰੇਸ ਗਾਰਡਨ ਦਾ ਦੌਰਾ ਕੀਤਾ ਅਤੇ ‘ਸਵੱਛ ਸਰਵੇਖਣ-2019’ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨਗਰ ਨਿਗਮ ਦੀ ਆਈਈਸੀ ਟੀਮ ਵੱਲੋਂ ਲਗਾਈ ਪ੍ਰਦਰਸ਼ਨੀ ‘ਸਵੱਛ ਭਾਰਤ ਥੀਮ’ ਦਾ ਦੌਰਾ ਵੀ ਕੀਤਾ ਅਤੇ ਸਰੋਤ ਪੱਧਰਾਂ ’ਤੇ ਘਰਾਂ ਦੀ ਰਹਿੰਦ-ਖੂਹੰਦ ਨੂੰ ਵੱਖਰਾ ਕਰਨ ਬਾਰੇ ਲੋਕਾਂ ਤੋਂ ਸਹਿਯੋਗ ਮੰਗਿਆ। ਉਨਾਂ ਦੱਸਿਆ ਕਿ ਮੇਲੇ ਦੌਰਾਨ ਜਾਦੂਗਰ ਸ਼ੋਅ, ਫੁੱਲਾਂ ਦੀ ਪ੍ਰਦਰਸ਼ਨੀ, ਕਠਪੁਤਲੀ ਸ਼ੋਅ, ਲੋਕ ਨਾਚ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਉਨ੍ਹਾਂ ਨੇ ਬਾਗਵਾਨੀ ਵਿਭਾਗ ਦੇ ਮਜ਼ਦੂਰਾਂ ਨੂੰ ਮਿਠਾਈਆਂ ਵੀ ਵੰਡੀਆਂ। ਇਸ ਮੌਕੇ ਹਾਜ਼ਰ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਨਗਰ ਨਿਗਮ ਦੇ ਬਾਗਵਾਨੀ ਵਿਭਾਗ ਦੇ ਅਧਿਕਾਰੀਆਂ ਅਤੇ ਮਾਲੀਆਂ ਦੀ ਸ਼ਹਿਰ ਦੇ ਪਾਰਕਾਂ ਅਤੇ ਗੁਲਦਾਉਦੀ ਸ਼ੋਅ ਦੀ ਸੰਭਾਲ ਨੂੰ ਲੈ ਕੇ ਸ਼ਲਾਘਾ ਕੀਤੀ। ਅੱਜ ਗੁਰੂਕੁਲ ਗਲੋਬਲ ਸਕੂਲ ਪੰਚਕੂਲਾ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਜਾਦੂਗਰ ਪ੍ਰਦੀਪ ਦੇ ਮੈਜ਼ਿਕ ਸ਼ੋਅ ਨੇ ਸਰੋਤਿਆ ਨੂੰ ਕੀਲਿਆ ਤੇ ਲੋਕਾਂ ਨੇ ਕਠਪੁਤਲੀ ਸ਼ੋਅ ਵੀ ਦੇਖਿਆ। ਮੇਅਰ ਨੇ ਗੁਲਦਾਉਦੀ ਸ਼ੋਅ ਸਬੰਧੀ ਕਿਤਾਬਚਾ ਵੀ ਜਾਰੀ ਕੀਤਾ। ਇਸ ਮੌਕੇ ਕੌਂਸਲਰ ਰਾਜੇਸ਼ ਗੁਪਤਾ, ਸਭਿਆਚਾਰ ਕਮੇਟੀ ਦੀ ਚੇਅਰਪਰਸਨ ਸ਼ਿਪਰਾ ਬਾਂਸਲ, ਜੁਆਇੰਟ ਕਮਿਸ਼ਨਰ ਤਿਲਕ ਰਾਜ ਤੇ ਅਨਿਲ ਕੁਮਾਰ ਗਰਗ, ਚੀਫ ਇੰਜਨੀਅਰ ਮਨੋਜ ਬਾਂਸਲ ਵੀ ਹਾਜ਼ਰ ਸਨ।