ਸੁਰੱਖਿਆ ਕਰਮੀਆਂ ਵੱਲੋਂ ਵਿਦਿਆਰਥਣਾਂ ਨਾਲ ਦੁਰਵਿਹਾਰ

ਸਰਕਾਰੀ ਸਕੂਲਾਂ ਦੇ 10ਵੀਂ ਅਤੇ 12ਵੀਂ ਕਲਾਸਾਂ ਦੇ ਵਿਦਿਆਰਥੀਆਂ ਤੋਂ ਲਈ ਜਾਂਦੀ ਪ੍ਰੀਖਿਆ ਫੀਸ ਦਾ ‘ਪੰਜਾਬ ਸਟੂਡੈਂਟਸ ਯੂਨੀਅਨ’ ਦੀ ਅਗਵਾਈ ਹੇਠ ਵਿਰੋਧ ਕਰਦਿਆਂ ਵਫ਼ਦ ਡਿਪਟੀ ਕਮਿਸ਼ਨਰ ਦਫਤਰ ਪੁੱਜਿਆ ਜਿਥੇ ਵਫ਼ਦ ਵਿੱਚ ਸ਼ਾਮਲ ਵਿਦਿਆਰਥਣਾਂ ਨਾਲ ਸੁਰੱਖਿਆ ਕਰਮੀਆਂ ਨੇ ਖਿੱਚ-ਧੂਹ ਕੀਤੀ। ਯੂਨੀਅਨ ਵੱਲੋਂ ਸਬੰਧਤ ਕਰਮਚਾਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਪੀਐੱਸਯੂ ਦੀ ਆਗੂ ਸੁਖਮੰਦਰ ਕੌਰ, ਕਾਲਜ ਕਮੇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ, ਮਨਪ੍ਰੀਤ ਕੌਰ, ਸੁਖਵੀਰ ਕੌਰ, ਬੇਅੰਤ ਕੌਰ, ਗੁਰਵਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਹਰ ਤਰ੍ਹਾਂ ਦੀ ਫੀਸ ਮੁਆਫ ਹੈ ਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਾਂਬੱਧਰ ਤੇ ਹੋਰ ਕਈ ਸਕੂਲਾਂ ਦੇ ਅਧਿਆਪਕਾਂ ਵੱਲੋਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਤੋਂ 1200 ਰੁਪਏ ਤੋਂ 1500 ਰੁਪਏ ਤੱਕ ਦੀ ਫੀਸ ਵਸੂਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬਹੁਤੇ ਵਿਦਿਆਰਥੀ ਗਰੀਬ ਪਰਿਵਾਰਾਂ ਦੇ ਹਨ ਤੇ ਇਹ ਫੀਸ ਅਦਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਸ ਮਸਲੇ ਬਾਰੇ ਉਹ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਵਾਸਤੇ ਜਾ ਰਹੇ ਸਨ ਤਾਂ ਗੇਟ ’ਤੇ ਮੌਜੂਦ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਦੀ ਕਥਿਤ ਤੌਰ ’ਤੇ ਖਿੱਚ-ਧੂਹ ਤੇ ਧੱਕਾ-ਮੁੱਕੀ ਵੀ ਕੀਤੀ ਅਤੇ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਮੰਗ ਕੀਤੀ ਕਿ ਧੱਕਾ-ਮੁੱਕੀ ਕਰਨ ਵਾਲੇ ਕਰਮੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਸੰਘਰਸ਼ ਤੇਜ਼ ਕਰਨਗੇ।
ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ ਨੇ ਇਨ੍ਹਾਂ ਵਿਦਿਆਰਥੀਆਂ ਦੇ ਵਫ਼ਦ ਨਾਲ ਗੱਲਬਾਤ ਕਰਨ ਮਗਰੋਂ ਜ਼ਿਲ੍ਹਾ ਸਿੱਖਿਆ ਅਫਸਰ ਮਲਕੀਤ ਸਿੰਘ ਨੂੰ ਮਸਲੇ ਦਾ ਹੱਲ ਕਰ ਕੇ ਰਿਪੋਰਟ ਕਰਨ ਦੀ ਹਦਾਇਤ ਕੀਤੀ। ਸੰਪਰਕ ਕਰਨ ’ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਦਿਆਰਥੀਆਂ ਨਾਲ ਅਭੱਦਰ ਵਿਵਹਾਰ ਕਰਨ ਵਾਲੇ ਸੁਰੱਖਿਆ ਕਰਮੀਆਂ ਦੇ ਮਾਮਲੇ ਸਬੰਧੀ ਪੜਤਾਲ ਕਰਕੇ ਕਾਰਵਾਈ ਕਰਨ ਵਾਸਤੇ ਐਸ. ਐਚ. ਓ. ਨੂੰ ਹਦਾਇਤ ਕਰ ਦਿੱਤੀ ਹੈ।