ਸੁਖਬੀਰ ਅਤੇ ਮਜੀਠੀਆ ਖ਼ਿਲਾਫ਼ ਡਟੇ ਬ੍ਰਹਮਪੁਰਾ

ਮਾਝਾ ਖੇਤਰ ਦੇ ਬਾਗ਼ੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ’ਚ ਭਰਵਾਂ ਇਕੱਠ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਅਸਤੀਫ਼ਿਆਂ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਸ ਮੰਗ ਦੇ ਮੰਨੇ ਜਾਣ ਤੱਕ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ| ਖਡੂਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਬ੍ਰਹਮਪੁਰਾ ਨੇ ਕਿਹਾ,‘‘ਅਕਾਲੀ ਦਲ ਦੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਵਿਖੇ ਬੇਦੋਸ਼ੇ ਸਿੱਖਾਂ ’ਤੇ ਗੋਲੀਆਂ ਚਲਾਉਣ ਲਈ ਸਿੱਧੇ ਤੌਰ ’ਤੇ ਉਕਤ ਦੋਵੇਂ ਆਗੂ ਜ਼ਿੰਮੇਵਾਰ ਹਨ।’’ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਨਾ ਕਰਕੇ ਸਜ਼ਾਵਾਂ ਨਾ ਦੇਣ ਦਾ ਸੰਗਤ ਵਿੱਚ ਭਾਰੀ ਰੋਸ ਹੈ ਜਿਸ ਦਾ ਖਮਿਆਜਾ ਅਕਾਲੀ ਦਲ ਪਿਛਲੀਆਂ ਚੋਣਾਂ ਵਿੱਚ ਭੁਗਤ ਚੁੱਕਿਆ ਹੈ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਭੰਗ ਕੀਤੀ ਹੈ। ਇਕੱਠ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ| ਸ੍ਰੀ ਬ੍ਰਹਮਪੁਰਾ ਨੇ ਸੇਵਾ ਸਿੰਘ ਸੇਖਵਾਂ ਨੂੰ ਅਕਾਲੀ ਦਲ ਵਿਚੋਂ ਕੱਢਣ ਬਾਰੇ ਕਿਹਾ ਕਿ ਫ਼ੈਸਲਾ ਵਾਪਸ ਲੈਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਅਤੇ ਸ੍ਰੀ ਸੇਖਵਾਂ ਨੂੰ ਵੀ ਮੁੜ ਪਾਰਟੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ| ਆਪਣੇ ਸੰਬੋਧਨ ਦੌਰਾਨ ਉਨ੍ਹਾਂ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਸਿੱਧੇ ਰੂਪ ਵਿਚ ਨਿਖੇਧੀ ਕਰਨ ਤੋਂ ਗੁਰੇਜ਼ ਕੀਤਾ। ਸਾਬਕਾ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਦਿੱਤੇ ਮਾਣ-ਸਤਿਕਾਰ ਨੂੰ ਯਾਦ ਕਰਦਿਆਂ ਸ੍ਰੀ ਬ੍ਰਹਮਪੁਰਾ ਨੇ ਕਿਹਾ,‘‘ਸ੍ਰੀ ਬਾਦਲ ਨੇ ਮੇਰੇ ਕਹਿਣ ’ਤੇ ਬਹੁਤ ਸਾਰੇ ਕੰਮ ਕੀਤੇ ਪਰ ਡੇਰਾ ਸਾਧ ਨੂੰ ਮੁਆਫ਼ੀ ਦੇਣ, ਬਰਗਾੜੀ ਕਾਂਡ ਜਿਹੇ ਮੁੱਦਿਆਂ ’ਤੇ ਉਹ ਕੁਝ ਨਹੀਂ ਬੋਲੇ।’’ ਉਨ੍ਹਾਂ ਕਿਹਾ ਕਿ ਖਣਨ, ਭੂਮੀ, ਕੇਬਲ, ਸ਼ਰਾਬ ਆਦਿ ਮਾਫੀਏ ਕਰਕੇ ਸਰਕਾਰ ਦੇ ਬਦਨਾਮ ਹੋਣ ਬਾਰੇ ਵੀ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਸੁਚੇਤ ਕੀਤਾ ਸੀ ਪਰ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਗਿਆ| ਆਪਣੇ ਸੰਘਰਸ਼ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲਾਂ ਨੇ ਅਕਾਲ ਤਖ਼ਤ ਸਾਹਿਬ ਤੱਕ ਨੂੰ ਆਪਣੀ ਮੁੱਠੀ ਵਿਚ ਕੀਤਾ ਹੋਇਆ ਹੈ| ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੇ ਜਾਣ ’ਤੇ ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਜੇਕਰ ਉਹ ਖੁਦ ਸ੍ਰੀ ਬਾਦਲ ਦੀ ਥਾਂ ’ਤੇ ਮੁੱਖ ਮੰਤਰੀ ਹੁੰਦੇ ਤਾਂ ਅਜਿਹਾ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦਿੰਦੇ| ਕੁਝ ਦਿਨ ਪਹਿਲਾਂ ਉਨ੍ਹਾਂ ਦਾ ਸਾਥ ਛੱਡ ਦੇਣ ਦਾ ਦਾਅਵਾ ਕਰਨ ਵਾਲੇ ਕਈ ਆਗੂਆਂ ਨੂੰ ਸ੍ਰੀ ਬ੍ਰਹਮਪੁਰਾ ਨੇ ਸੰਗਤ ਸਾਹਮਣੇ ਪੇਸ਼ ਕੀਤਾ| ਸ੍ਰੀ ਬ੍ਰਹਮਪੁਰਾ ਨੇ ਵਿਰੋਧੀਆਂ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਜਿਹੜੇ ਉਨ੍ਹਾਂ ਦੇ ਨਹੀਂ ਬਣੇ, ਉਹ ਪਾਰਟੀ ਦੇ ਕਿਵੇਂ ਬਣਨਗੇ। ਇਸ ਮੌਕੇ ਉਨ੍ਹਾਂ ਦੇ ਲੜਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਪ੍ਰੇਮ ਸਿੰਘ ਗੋਇੰਦਵਾਲ, ਕੈਪਟਨ ਸਰਵਣ ਸਿੰਘ, ਗੋਪਾਲ ਸਿੰਘ ਜਾਣੀਆਂ, ਹਰਭਜਨ ਸਿੰਘ ਜਵੰਦਪੁਰ, ਸਾਬਕਾ ਡੀਐਸਪੀ ਰਤਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ|