ਸੁਖਜਿੰਦਰ ਰੰਧਾਵਾ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੇ ਸੰਕੇਤ

ਆਪਣੇ ਮੰਤਵ ਲਈ ਗੁਰਬਾਣੀ ਦੀ ਤੁਕ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ‘ਔਰੰਗਜ਼ੇਬ ਸਾਹਿਬ’ ਸੱਦ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਲਦੀ ਹੀ ਅਕਾਲ ਤਖ਼ਤ ’ਤੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਜਾਵੇਗਾ। ਇਸ ਸਬੰਧ ਵਿੱਚ ਜਲਦੀ ਹੀ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੋਵੇਗੀ।
ਇਸ ਸਬੰਧ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਗੱਲ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਅਤੇ ਔਰੰਗਜ਼ੇਬ ਨੂੰ ਜ਼ਫਰਨਾਮੇ ਦਾ ਲੇਖਕ ਤੇ ਔਰੰਗਜ਼ੇਬ ਸਾਹਿਬ ਸੱਦਣ ਖ਼ਿਲਾਫ਼ ਸਿੱਖ ਜਗਤ ਵਿੱਚ ਭਾਰੀ ਰੋਸ ਹੈ। ਸਿੱਖਾਂ ਵੱਲੋਂ ਇਸ ਸਬੰਧ ਵਿੱਚ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਇਹ ਮਾਮਲਾ ਵਿਚਾਰਿਆ ਜਾਵੇਗਾ ਅਤੇ ਸਪੱਸ਼ਟੀਕਰਨ ਦੇਣ ਲਈ ਕਾਂਗਰਸੀ ਆਗੂ ਨੂੰ ਤਲਬ ਕੀਤਾ ਜਾਵੇਗਾ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ‘ਤੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਬੰਦਿਆਂ ਨੇ ਉਸ ਦੀ ਮਾਰ ਕੁੱਟ ਕੀਤੀ ਹੈ ਅਤੇ ਦਸਤਾਰ ਦੀ ਬੇਅਦਬੀ ਕੀਤੀ ਹੈ। ਇਸ ਘਟਨਾ ਨੇ ਸਿੱਖਾਂ ਨੂੰ ਮੁੜ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਰਹਿੰਦੇ ਕੁਝ ਸਿੱਖਾਂ ਨੂੰ ਜੇ ਸ੍ਰੀ ਜੀਕੇ ਪ੍ਰਤੀ ਕੋਈ ਗਿਲਾ ਸ਼ਿਕਵਾ ਹੈ ਤਾਂ ਉਹ ਮਿਲ ਬੈਠ ਕੇ ਇਸ ਮਸਲੇ ਨੂੰ ਹੱਲ ਕਰ ਸਕਦੇ ਹਨ, ਪਰ ਇਸ ਢੰਗ ਨਾਲ ਹੱਥੋਪਾਈ ਹੋਣਾ ਤੇ ਦਸਤਾਰ ਲਾਹੁਣਾ ਠੀਕ ਨਹੀਂ ਹੈ। ਇਹ ਕਿਸੇ ਸਾਜਿਸ਼ ਦਾ ਹਿੱਸਾ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਮਾਰਕੁੱਟ ਅਤੇ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਜਾਂਚ ਰਿਪੋਰਟ ਆਉਣ ਮਗਰੋਂ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।