ਸੀਬੀਆਈ ਰੇੜਕਾ: ਵੇਰਵੇ ਲੀਕ ਹੋਣ ਤੋਂ ਸੁਪਰੀਮ ਕੋਰਟ ਖ਼ਫ਼ਾ

ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਖ਼ਿਲਾਫ਼ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੀ ਪੜਤਾਲ ਬਾਰੇ ਉਨ੍ਹਾਂ ਦੇ ਜਵਾਬਦਾਵੇ ਦੇ ਵੇਰਵੇ ਲੀਕ ਹੋਣ ਅਤੇ ਏਜੰਸੀ ਦੇ ਡੀਆਈਜੀ ਮਨੀਸ਼ ਕੁਮਾਰ ਸਿਨਹਾ ਵਲੋਂ ਲਾਏ ਗਏ ਸਨਸਨੀਖੇਜ਼ ਦੋਸ਼ ਨਸ਼ਰ ਕੀਤੇ ਜਾਣ ’ਤੇ ਸੁਪਰੀਮ ਕੋਰਟ ਅੱਜ ਤੈਸ਼ ਵਿਚ ਆ ਗਈ।
ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਬੈਂਚ ਨੇ ਅੱਜ ਦਿਨ ਵਿਚ ਦੋ ਵਾਰ ਇਸ ਮਾਮਲੇ ’ਤੇ ਸੁਣਵਾਈ ਕੀਤੀ ਤੇ ਸਪੱਸ਼ਟ ਕੀਤਾ ਕਿ ਅਦਾਲਤ ਕੋਈ ਅਜਿਹਾ ਮੰਚ ਨਹੀਂ ਹੈ ਜਿੱਥੇ ਲੋਕ ਆ ਕੇ ਕੁਝ ਵੀ ਬੋਲ ਸਕਣ। ਲੋਕ ਇੱਥੇ ਆਪਣੇ ਕਾਨੂੰਨੀ ਹੱਕਾਂ ਦਾ ਨਿਤਾਰਾ ਕਰਾਉਣ ਆਉਂਦੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸੀਵੀਸੀ ਸਮੇਤ ਕਿਸੇ ਵੀ ਧਿਰ ਦਾ ਪੱਖ ਨਹੀਂ ਸੁਣੇਗੀ ਤੇ ਆਪਣੇ ਆਪ ਨੂੰ ਲੀਕ ਕੀਤੇ ਗਏ ਸਿਨਹਾ ਦੇ ਦੋਸ਼ਾਂ ਤੱਕ ਹੀ ਸੀਮਤ ਰੱਖੇਗੀ। ਬੈਂਚ ਵਿਚ ਜਸਟਿਸ ਐਸਕੇ ਕੌਲ ਤੇ ਕੇਐਮ ਜੋਜ਼ੇਫ ਵੀ ਸ਼ਾਮਲ ਹਨ, ਨੇ ਸੁਣਵਾਈ ਸ਼ੁਰੂ ਹੋਣ ਸਾਰ ਸਬੰਧਤ ਧਿਰਾਂ ਨੂੰ ਚੇਤੇ ਕਰਾਇਆ ਕਿ ਉਸ ਨੇ ਆਪਣੇ ਪਹਿਲੇ ਹੁਕਮ ਵਿਚ ਸੀਵੀਸੀ ਦੀ ਮੁਢਲੀ ਜਾਂਚ ਰਿਪੋਰਟ ਤੇ ਵਰਮਾ ਦੇ ਜਵਾਬ ਨੂੰ ਗੁਪਤ ਰੱਖਣ ਲਈ ਕਿਹਾ ਸੀ ਤਾਂ ਕਿ ਸੀਬੀਆਈ ਦਾ ਵਕਾਰ ਕਾਇਮ ਰਹੇ। ਬੈਂਚ ਨੇ ਇਕ ਨਿਊਜ਼ ਪੋਰਟਲ ’ਤੇ ਛਪੇ ਲੇਖ ਦਾ ਹਵਾਲਾ ਦਿੰਦਿਆਂ ਸ਼੍ਰੀ ਵਰਮਾ ਦੇ ਵਕੀਲ ਸੀਨੀਅਰ ਐਡਵੋਕੇਟ ਫਲੀ ਐਸ ਨਰੀਮਨ ਤੋਂ ਜਵਾਬ ਮੰਗਿਆ। ‘‘ ਆਲੋਕ ਵਰਮਾ ਦੇ ਵਕੀਲ ਦੇ ਤੌਰ ’ਤੇ ਨਹੀਂ ਸਗੋਂ ਤੁਸੀਂ ਇਸ ਸੰਸਥਾ ਦੇ ਸਭ ਤੋਂ ਸਤਿਕਾਰਤ ਤੇ ਸੀਨੀਅਰ ਮੈਂਬਰ ਹੋ। ਅਸੀਂ ਇਹ ਤੁਹਾਨੂੰ ਦਿੱਤਾ ਸੀ। ਕਿਰਪਾ ਕਰ ਕੇ ਸਾਡੀ ਮਦਦ ਕਰੋ।’’ ਇਸ ’ਤੇ ਸ਼੍ਰੀ ਨਰੀਮਨ ਨੇ ਕਿਹਾ ਕਿ ਲੀਕ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀ ਹੈ ਤੇ ਉਨ੍ਹਾਂ ਸ਼੍ਰੀ ਵਰਮਾ ਦੇ ਦੂਜੇ ਵਕੀਲ ਗੋਪਾਲ ਸ਼ੰਕਰਨਰਾਇਣਨ ਵੱਲ ਉਂਗਲ ਉਠਾਈ। ਸ੍ਰੀ ਨਰੀਮਨ ਨੂੰ ਅਖ਼ਬਾਰੀ ਰਿਪੋਰਟ ਦੀ ਕਾਪੀ ਮੁਹੱਈਆ ਕਰਾਉਣ ਤੋਂ ਬਾਅਦ ਬੈਂਚ ਨੇ ਵਰਮਾ ਵਲੋਂ ਦਾਇਰ ਅਪੀਲ ’ਤੇ ਸੁਣਵਾਈ 29 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ।
ਇਸ ਤੋਂ ਬਾਅਦ ਸ਼੍ਰੀ ਨਰੀਮਨ ਮੁੜ ਅਦਾਲਤ ਵਿਚ ਆਏ ਤੇ ਕੇਸ ਦਾ ਹਵਾਲਾ ਦਿੰਦਿਆਂ ਮੁੜ ਸੁਣਵਾਈ ਦੀ ਮੰਗ ਕੀਤੀ। ਦੁਬਾਰਾ ਸੁਣਵਾਈ ਸ਼ੁਰੂ ਹੋਣ ’ਤੇ ਸ਼੍ਰੀ ਨਰੀਮਨ ਨੇ ਕਿਹਾ ਕਿ ਸਬੰਧਤ ਲੇਖ 17 ਨਵੰਬਰ ਨੂੰ ਪ੍ਰਕਾਸ਼ਤ ਹੋਇਆ ਸੀ ਤੇ ਇਹ ਮੁਢਲੀ ਜਾਂਚ ਦੌਰਾਨ ਸੀਵੀਸੀ ਨੂੰ ਦਿੱਤੇ ਜਾਣ ਵਾਲੇ ਵਰਮਾ ਦੇ ਜਵਾਬ ਨਾਲ ਸਬੰਧਤ ਸੀ ਜਦਕਿ ਸੀਬੀਆਈ ਮੁਖੀ ਨੂੰ ਵਿਜੀਲੈਂਸ ਦੀ ਜਾਂਚ ਬਾਰੇ ਦਿੱਤਾ ਹੁਕਮ ਕੱਲ੍ਹ ਜਾਰੀ ਕੀਤਾ ਗਿਆ ਸੀ। ਉਨ੍ਹਾਂ ਇਸ ਸਬੰਧੀ ਸਬੰਧਤ ਪੱਤਰਕਾਰ ਨੂੰ ਅਦਾਲਤ ਵਿਚ ਤਲਬ ਕਰਨ ਦੀ ਵੀ ਮੰਗ ਕੀਤੀ। ਚੀਫ ਜਸਟਿਸ ਨੇ ਖਿਝ ਜ਼ਾਹਰ ਕਰਦਿਆਂ ਕਿਹਾ ਕਿ ਕੱਲ੍ਹ ਅਸੀਂ ਸਿਨਹਾ ਦੀ ਅਪੀਲ ’ਤੇ ਫੌਰੀ ਸੁਣਵਾਈ ਤੋਂ ਇਨਕਾਰ ਕਰਦਿਆਂ ਬਹੁਤ ਜ਼ਿਆਦਾ ਰਾਜ਼ਦਾਰੀ ਵਰਤਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਅਪੀਲਕਰਤਾ ਨੇ ਸਾਡੇ ਕੋਲ ਅਰਜ਼ੀ ਦੇ ਕੇ ਮਗਰੋਂ ਹਰ ਕਿਸੇ ਨੂੰ ਕਾਪੀਆਂ ਵੰਡ ਦਿੱਤੀਆਂ। ਜਦੋਂ ਸੀਵੀਸੀ ਦੀ ਤਰਫੋਂ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਬੋਲਣ ਲਈ ਖੜ੍ਹੇ ਹੋਏ ਤਾਂ ਬੈਂਚ ਨੇ ਉਨ੍ਹਾਂ ਸਾਫ਼ ਆਖਿਆ ‘ ਅਸੀਂ ਕੁਝ ਨਹੀਂ ਸੁਣਾਂਗੇ। ਅਸੀਂ ਕਿਸੇ ਨੂੰ ਵੀ ਨਹੀਂ ਸੁਣਾਂਗੇ। ਬੈਂਚ ਨੇ ਵਰਮਾ ਦੇ ਦੂਜੇ ਵਕੀਲ ਸ਼ੰਕਰਨਰਾਇਣਨ ਦਾ ਪੱਖ ਵੀ ਸੁਣਨ ਤੋਂ ਇਨਕਾਰ ਕਰ ਦਿੱਤਾ।