ਸੀਬੀਆਈ ਨੇ ਨਿਤਿਨ ਸੰਦੇਸਰਾ ਬਾਰੇ ਇੰਟਰਪੋਲ ਤੋਂ ਜਾਣਕਾਰੀ ਮੰਗੀ

ਸੀਬੀਆਈ ਨੇ ਅੱਜ ਇੰਟਰਪੋਲ ਦੇ ਨਾਇਜੀਰੀਆ ਸਥਿਤ ਵਿੰਗ ਤੋਂ ਜਾਣਕਾਰੀ ਮੰਗੀ ਹੈ ਕਿ ਗੁਜਰਾਤ ਦੀ ਸਟਰਲਿੰਗ ਬਾਇਓਟੈੱਕ ਦੇ ਹਿੱਸੇਦਾਰ ਨਿਤਿਨ ਸੰਦੇਸਰਾ ਕੀ ਨਾਇਜੀਰੀਆ ਪੁੱਜ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਵਿਰੁੱਧ ਭਾਰਤ ਵਿੱਚ 5300 ਕਰੋੜ ਰੁਪਏ ਦੇ ਬੈਕਿੰਗ ਧੋਖਾਧੜੀ ਦੀ ਜਾਂਚ ਚੱਲ ਰਹੀ ਹੈ। ਸੀਬੀਆਈ ਨੇ ਇਹ ਕਦਮ ਉਦੋਂ ਪੁੱਟਿਆ ਹੈ ਕਿ ਜਦੋਂ ਇਸ ਤਰ੍ਹਾਂ ਦੀ ਖ਼ਬਰਾਂ ਸਾਹਮਣੇ ਆਈਆਂ ਕਿ ਸੰਦੇਸਰਾ ਸੰਯੁਕਤ ਅਰਬ ਅਮੀਰਾਤ ਤੋਂ ਆਪਣੇ ਪਰਿਵਾਰਕ ਮੈਂਬਰਾਂ ਜੋ ਕਿ ਕੇਸ ਵਿੱਚ ਮੁਲਜ਼ਮ ਹਨ, ਦੇ ਨਾਲ ਨਾਇਜੀਰੀਆ ਚਲਾ ਗਿਆ ਹੈ, ਜਿਸ ਦੇ ਨਾਲ ਭਾਰਤ ਦੀ ਹਵਾਲਗੀ ਸੰਧੀ ਨਹੀਂ ਹੈ। ਸੀਬੀਆਈ ਨੇ ਕਿਹਾ ਹੈ ਕਿ ਸੰਦੇਸਰਾ ਕਿੱਥੇ ਗਿਆ ਹੈ, ਇਸ ਬਾਰੇ ਕੁੱਝ ਪਤਾ ਨਹੀਂ ਲੱਗ ਰਿਹਾ। ਖ਼ਬਰਾਂ ਮਿਲਣ ਤੋਂ ਬਾਅਦ ਸੀਬੀਆਈ ਨੇ ਨਾਇਜੀਰੀਆ ਸਥਿਤ ਇੰਟਰਪੋਲ ਦੇ ਏਜੰਟਾਂ ਤੋਂ ਸੰਦੇਸਰਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਮੰਗੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ ਬੈਂਕ ਨਾਲ ਧੋਖਾਧੜੀ ਦੇ ਦੋਸ਼ ਹੇਠ ਸੀਬੀਆਈ ਨੇ ਸਟਰਲਿੰਗ ਬਾਇਓਟੈੱਕ ਅਤੇ ਇਸ ਦੇ ਡਾਇਰੈਕਟਰਾਂ ਚੇਤਨ ਜੈਅੰਤੀ ਲਾਲ ਸੰਦੇਸਰਾ, ਦੀਪਤੀ ਚੇਤਨ ਸੰਦੇਸਰਾ, ਰਾਜ ਭੂਸ਼ਨ ਓਮ ਪ੍ਰਕਾਸ਼ ਦੀਕਸ਼ਿਤ, ਨਿਤਿਨ ਜੈਅੰਤੀ ਲਾਲ ਸੰਦੇਸਰਾ, ਵਿਲਾਸ ਜੋਸ਼ੀ ਅਤੇ ਚਾਰਟਡ ਅਕਾਊਂਟੈਂਟ ਹੇਮੰਤ ਹਾਥੀ, ਆਂਧਰਾ ਬੈਂਕ ਦੇ ਸਾਬਕਾ ਡਾਇਰੈਕਟਰ ਅਨੂਪ ਗਰਗ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਕੰਪਨੀ ਨੇ ਆਂਧਰਾ ਬੈਂਕ ਤੋਂ 5000 ਕਰੋੜ ਤੋਂ ਵੱਧ ਦਾ ਕਰਜ਼ ਲਿਆ ਸੀ ਅਤੇ ਇਸ ਨੂੰ ਕਥਿਤ ਡੁੱਬੇ ਹੋਏ ਕਰਜ਼ਿਆ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ। ਸੀਬੀਆਈ ਵੱਲੋਂ ਦਰਜ ਐੱਫਆਈਆਰ ਅਨੁਸਾਰ 31 ਦਸੰਬਰ 2016 ਕੰਪਨੀ ਵੱਲ ਬੈਂਕ ਦੇ 5383 ਕਰੋੜ ਰੁਪਏ ਬਕਾਇਆ ਹਨ।