ਸਿੱਧੂ ਨੇ ਵੀਡੀਓ ਜਾਰੀ ਕਰਕੇ ਫਰੋਲੇ ਦੱਬੇ ਵਰਕੇ

Punjab Minister Navjot Singh Sidhu

ਗੋਲੀਕਾਂਡ ਗਿਣੀ ਮਿਥੀ ਸਾਜ਼ਿਸ਼ ਕਰਾਰ, ਦੋਵਾਂ ਬਾਦਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੋਟਕਪੂਰਾ ਘਟਨਾਵਾਂ ਦੀਆਂ ਵੀਡੀਓ (ਸੀਸੀਟੀਵੀ ਫੁਟੇਜ਼) ਜਾਰੀ ਕਰਕੇ ਬੇਅਦਬੀ ਕਾਂਡ ਨਾਲ ਜੁੜੇ ਕਈ ਅਣਫੋਲੇ ਵਰਕੇ ਫਰੋਲੇ ਹਨ। ਇਨ੍ਹਾਂ ਵੀਡਓਜ਼ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ਾਂਤਮਈ ਧਰਨੇ ’ਤੇ ਬੈਠੇ ਲੋਕਾਂ ਨੂੰ ਪੁਲੀਸ ਨੇ ਉਕਸਾਇਆ ਤੇ ਉਸ ਮਗਰੋਂ ਉਪਰੋਥੱਲੀ ਹਿੰਸਕ ਘਟਨਾਵਾਂ ਵਾਪਰੀਆਂ। ਸ੍ਰੀ ਸਿੱਧੂ ਨੇ ਇਨ੍ਹਾਂ ਵੀਡੀਓਜ਼ ਰਾਹੀਂ ਹੋਏ ਖੁਲਾਸਿਆਂ ਬਾਰੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਗਠਿਤ ਜਸਟਿਸ (ਸੇਵਾ ਮੁਕਤ) ਜ਼ੋਰਾ ਸਿੰਘ ’ਤੇ ਆਧਾਰਿਤ ਕਮਿਸ਼ਨ ਨੂੰ ਪੁਲੀਸ ਨੇ ਕੋਟਕਪੂਰਾ ਦੇ ਚੌਂਕ ਵਿੱਚ ਲੱਗੇ ਚਾਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕੈਮਰੇ ਨਸ਼ਟ ਹੋਣ ਦੀ ਗੱਲ ਕਹੀ ਸੀ। ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ’ਤੇ ਅਧਾਰਿਤ ਕਮਿਸ਼ਨ ਨੇ ਹੁਣ ਇਹ ਵੀਡੀਓਜ਼ ਹਾਸਲ ਕਰਕੇ ਘਟਨਾਵਾਂ ਸਬੰਧੀ ਪੁਖ਼ਤਾ ਸਬੂਤ ਲੋਕਾਂ ਸਾਹਮਣੇ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਵੀਡੀਓ ਵਿਚਲੇ ਤੱਥਾਂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਦਿੱਤੇ ‘ਹੁਕਮਾਂ’ ਤੋਂ ਬਾਅਦ ਸਥਿਤੀ ਬਿਲਕੁਲ ਸਾਫ਼ ਹੋ ਗਈ ਹੈ ਕਿ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡਾਂ ਨੂੰ ਬਾਦਲ ਸਰਕਾਰ ਨੇ ਗਿਣੀ ਮਿਥੀ ਸਾਜ਼ਿਸ਼ ਅਤੇ ਰਾਜਸੀ ਚਾਲ ਤਹਿਤ ਅੰਜਾਮ ਦਿੱਤਾ। ਸ੍ਰੀ ਸਿੱਧੂ ਨੇ ਕਿਹਾ ਕਿ ਇਨ੍ਹਾਂ ਸਬੂਤਾਂ ਦੇ ਆਧਾਰ ’ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ਼ ਤੁਰੰਤ ਫੌਜਦਾਰੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਸਾਲ 2015 ਦੌਰਾਨ ਘਟਨਾਵਾਂ ਵਾਪਰਨ ਦੇ ਦਿਨਾਂ ਦੌਰਾਨ ਤਾਇਨਾਤ ਡਾਕਟਰ ਨੂੰ ਤਿੰਨ ਵਜੇ ਡਾਕਟਰਾਂ ਦੀ ਟੀਮ ਸਮੇਤ ਚੌਕਸ ਰਹਿਣ ਦੀਆਂ ਹਦਾਇਤਾਂ ਮੁੱਖ ਮੰਤਰੀ ਵੱਲੋਂ ਡੀਜੀਪੀ ਨਾਲ ਗੱਲਬਾਤ ਕਰਨ ਤੋਂ ਬਾਅਦ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਵੱਲੋਂ ਸ੍ਰੀ ਸੈਣੀ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਡੀਜੀਪੀ ਨੇ ਇਸ਼ਾਰਾ ਕਰ ਦਿੱਤਾ ਸੀ ਕਿ ਸ਼ਹਿਰ (ਕੋਟਕਪੂਰਾ) ਨੂੰ 15 ਮਿੰਟਾਂ ਵਿੱਚ ਖਾਲ੍ਹੀ ਕਰਵਾ ਕੇ ਕੁੰਜੀਆਂ ਹੱਥ ਫੜ੍ਹਾ ਦਿਆਂਗੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਜਿਹੜਾ ਅਪਰਾਧ ਸਪੱਸ਼ਟ ਤੌਰ ’ਤੇ ਦਿਖਾਈ ਦਿੰਦਾ ਹੋਵੇ, ਪੁਲੀਸ ਅਜਿਹੇ ਅਪਰਾਧ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਕਾਰਵਾਈ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਰਾਜ ਵਿੱਚ ਦੋਸ਼ੀ ਪੁਲੀਸ ਅਫ਼ਸਰਾਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਸਬੂਤ ਮਿਟਾਉਣ ਦੇ ਯਤਨ ਕੀਤੇ ਗਏ। ਸ੍ਰੀ ਸਿੱਧੂ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀਆਂ ਵੀਡੀਓਜ਼ ਤੋਂ ਵੀ ਸਪੱਸ਼ਟ ਹੁੰਦਾ ਹੈ ਕਿ ਸ਼ਾਂਤਮਈ ਅਤੇ ਪਾਠ ਕਰ ਰਹੇ ਸਿੱਖਾਂ ਨਾਲ ਪਹਿਲਾਂ ਪੁਲੀਸ ਨੇ ਧੱਕੇਸ਼ਾਹੀ ਕੀਤੀ ਅਤੇ ਮਗਰੋਂ ਪੰਥਕ ਆਗੂਆਂ ਨੂੰ ਜਬਰੀ ਚੁੱਕਣਾ ਸ਼ੁਰੂ ਕਰ ਦਿੱਤਾ। ਪੁਲੀਸ ਦੀ ਇਸ ਕਾਰਵਾਈ ਤੋਂ ਬਾਅਦ ਲੋਕ ਭੜਕ ਗਏ ਤੇ ਹਿੰਸਾ ਹੋਈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਤੋਂ ਮੌਕੇ ਦੇ ਹੁਕਮਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਕਿਸੇ ਵੀ ਸੂਰਤ ਵਿੱਚ ਭੱਜ ਨਹੀਂ ਸਕਦੇ।