ਨਵੰਬਰ 1984 ਸਿੱਖ ਕਤਲੇਆਮ ਦੇ ਸੱਤ ਗਵਾਹਾਂ ਅਤੇ ਸੱਤ ਵਕੀਲਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਕਤਲੇਆਮ ਮਾਮਲੇ ਵਿੱਚ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮੁੱਖ ਦੋਸ਼ੀ ਦਸਦਿਆਂ ਉਸ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਕਤਲੇਆਮ ਕੇਸ ਵਿੱਚ ਗਵਾਹ ਬੀਬੀ ਜਗਦੀਸ਼ ਕੌਰ ਨੇ ਰਾਜੀਵ ਗਾਂਧੀ ਖਿਲਾਫ਼ ਕੇਸ ਦਰਜ ਕਰਨ ਤੋਂ ਇਲਾਵਾ ਉਸ ਨੂੰ ਦਿੱਤਾ ‘ਭਾਰਤ ਰਤਨ’ ਐਜਾਜ਼ ਵਾਪਸ ਲੈਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਵਲੋਂ ਅੱਜ ਜਿਨ੍ਹਾਂ ਸੱਤ ਗਵਾਹਾਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿਚ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ, ਜਗਸ਼ੇਰ ਸਿੰਘ, ਕੁਲਦੀਪ ਸਿੰਘ, ਸੰਤੋਖ ਸਿੰਘ, ਸੰਗਤ ਸਿੰਘ ਤੇ ਸੁਰਜੀਤ ਸਿੰਘ ਸ਼ਾਮਲ ਹਨ। ਕੇਸਾਂ ਦੀ ਪੈਰਵਾਈ ਕਰਨ ਵਾਲੇ ਸਨਮਾਨਿਤ ਕੀਤੇ ਵਕੀਲਾਂ ਵਿੱਚ ਐਚਐਸ ਫੂਲਕਾ, ਆਰਐਸ ਚੀਮਾ, ਬੀਬੀ ਤਰੰਨੁਮ ਚੀਮਾ, ਡੀਪੀ ਸਿੰਘ, ਗੁਰਬਖਸ਼ ਸਿੰਘ, ਜਸਵਿੰਦਰ ਸਿੰਘ ਤੇ ਬੀਬੀ ਕਾਮਨਾ ਵੋਹਰਾ ਦੇ ਨਾਂ ਸ਼ਾਮਲ ਹਨ। ਸਨਮਾਨ ਸਮਾਗਮ ਵਿੱਚ ਐਡਵੋਕੇਟ ਐਚਐਸ ਫੂਲਕਾ ਖੁਦ ਨਹੀਂ ਪੁੱਜੇ ਸਨ ਅਤੇ ਉਨ੍ਹਾਂ ਦੀ ਥਾਂ ਇਹ ਸਨਮਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਐਡਵੋਕੇਟ ਆਰ.ਐਸ. ਚੀਮਾ, ਉਨ੍ਹਾਂ ਦੀ ਬੇਟੀ ਤਰੰਨੁਮ ਚੀਮਾ ਅਤੇ ਐਡਵੋਕੇਟ ਕਾਮਨਾ ਵੋਹਰਾ ਵੀ ਨਿੱਜੀ ਰੁਝੇਵੇਂ ਕਰਕੇ ਸਮਾਗਮ ਵਿੱਚ ਨਹੀਂ ਪੁੱਜ ਸਕੇ। ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦੇ ਇਹ ਸਨਮਾਨ ਬਾਅਦ ਵਿੱਚ ਉਨ੍ਹਾਂ ਨੂੰ ਸੌਂਪੇ ਜਾਣਗੇ। ਸਨਮਾਨ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਸਾਰਿਆਂ ਨੂੰ ਸਿਰੋਪਾਓ, ਸ੍ਰੀ ਸਾਹਿਬ, ਚਾਂਦੀ ਦੀ ਤਸ਼ਤਰੀ ਅਤੇ ਚਾਂਦੀ ਦੇ ਸਿੱਕੇ ਦਿੱਤੇ ਗਏ ਹਨ। ਸਮੂਹ ਗਵਾਹਾਂ ਨੂੰ ਸਨਮਾਨ ਵਿੱਚ ਦੋ-ਦੋ ਲੱਖ ਰੁਪਏ ਦੀ ਨਗ਼ਦ ਰਾਸ਼ੀ ਵੀ ਦਿੱਤੀ ਗਈ ਹੈ। ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਨਵੰਬਰ 1984 ਸਿੱਖ ਕਤਲੇਆਮ ਤਤਕਾਲੀਨ ਕਾਂਗਰਸ ਸਰਕਾਰ ਦੀ ਗਿਣੀ ਮਿੱਥੀ ਸਾਜ਼ਿਸ਼ ਸੀ, ਜਿਸ ਤਹਿਤ ਦੇਸ਼ ਭਰ ਵਿਚ ਬੇਦੋਸ਼ੇ ਸਿੱਖਾਂ ਨੂੰ ਕਤਲ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਕਤਲੇਆਮ ਲਈ ਮੁੱਖ ਦੋਸ਼ੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹਨ। ਇਸ ਲਈ ਉਸ ਖਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਪੀੜਤ ਸਿੱਖਾਂ ਨੂੰ ਨਿਆਂ ਦਿਵਾਉਣ ਲਈ ਸ਼੍ਰੋਮਣੀ ਕਮੇਟੀ ਇਸ ਸੰਘਰਸ਼ ਨੂੰ ਅੰਤਮ ਪੜਾਅ ਤਕ ਜਾਰੀ ਰੱਖੇਗੀ ਅਤੇ ਪੀੜਤਾਂ ਨਾਲ ਹਰ ਮੁਕਾਮ ’ਤੇ ਖੜੀ ਰਹੇਗੀ। ਸਮਾਗਮ ਵਿੱਚ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਬਿੱਕਰ ਸਿੰਘ ਚੰਨੂ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਧਿਕਾਰੀ ਸ਼ਾਮਲ ਸਨ।
INDIA ਸਿੱਖ ਕਤਲੇਆਮ ਦੇ ਗਵਾਹਾਂ ਤੇ ਵਕੀਲਾਂ ਦਾ ਸਨਮਾਨ