ਸਿੰਧੂ ਨੇ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ

ਭਾਰਤ ਦੀ ਸਟਾਰ ਖਿਡਾਰਨ ਪੀਵੀ ਸਿੰਧੂ ਨੇ ਐਤਵਾਰ ਨੂੰ ਚੀਨ ਦੇ ਸ਼ਹਿਰ ਗੁਵਾਂਗਝੂ ਵਿਚ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਫਾਈਨਲ ਦੇ ਖ਼ਿਤਾਬੀ ਭੇੜ ਵਿਚ ਉਸ ਨੇ 2017 ਦੀ ਵਿਸ਼ਵ ਚੈਂਪੀਅਨ ਨੋਯੋਮੀ ਓਕੂਹਾਰਾ ਨੂੰ ਹਰਾ ਕੇ ਵਿਸ਼ਵ ਟੂਰ ਫਾਈਨਲਜ਼ ਵਿਚ ਲੰਬੇ ਸਮੇਂ ਬਾਅਦ ਕਿਸੇ ਵੱਡੇ ਟੂਰਨਾਮੈਂਟ ਵਿਚ ਸੋਨ ਤਗ਼ਮਾ ਜਿੱਤਿਆ ਹੈ। ਲਗਾਤਾਰ ਸੱਤ ਫਾਈਨਲਜ਼ ਹਾਰਨ ਤੋਂ ਬਾਅਦ ਸਿੰਧੂ ਨੇ ਸਿੱਧੀਆਂ ਗੇਮਾਂ ਵਿਚ ਜਿੱਤ ਦਰਜ ਕੀਤੀ ਅਤੇ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਲਗਾਤਾਰ ਤੀਜੀ ਵਾਰ ਫਾਈਨਲ ਵਿਚ ਖੇਡ ਰਹੀ ਸਿੰਧੂ ਨੂੰ ਪਿਛਲੇ ਸਾਲ ਜਾਪਾਨ ਦੀ ਹੀ ਅਕਾਨੇ ਯਾਮਾਗੁਚੀ ਤੋਂ ਹਾਰਨ ਕਰਕੇ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ ਸੀ ਪਰ ਇਸ ਸਾਲ ਉਸ ਨੇ ਇਕ ਘੰਟਾ ਅਤੇ ਦੋ ਮਿੰਟ ਚੱਲੇ ਮੁਕਾਬਲੇ ਵਿਚ ਓਕੂਹਾਰਾ ਨੂੰ 21-19, 21-17 ਦੇ ਨਾਲ ਹਰਾ ਦਿੱਤਾ। ਇਹ ਸਿੰਧੂ ਦਾ 14ਵਾਂ ਖ਼ਿਤਾਬ ਹੈ ਪਰ ਇਸ ਸਾਲ ਵਿਚ ਉਹ ਇਹ ਪਹਿਲਾ ਖ਼ਿਤਾਬ ਜਿੱਤਣ ਵਿਚ ਸਫਲ ਰਹੀ ਹੈ। ਸਾਇਨਾ ਨੇਹਵਾਲ 2011 ਵਿਚ ਵਿਸ਼ਵ ਸੁਪਰ ਸੀਰੀਜ਼ ਦੇ ਫਾਈਨਲ ਵਿਚ ਪੁੱਜੀ ਸੀ। 2009 ਵਿਚ ਜਵਾਲਾ ਗੁੱਟਾ ਅਤੇ ਵੀ ਦੀਜੂ ਦੀ ਜੋੜੀ ਮਿਸ਼ਰਤ ਡਬਲਜ਼ ਦੀ ਉਪ ਜੇਤੂ ਰਹੀ ਸੀ। ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਉਪ ਜੇਤੂ ਸਿੰਧੂ ਨੇ ਅਹਿਮ ਮੌਕਿਆਂ ਉੱਤੇ ਆਪਣਾ ਧਿਆਨ ਕਾਇਮ ਰੱਖਿਆ ਅਤੇ ਵਧੇਰਾ ਸਮਾਂ ਜਾਪਾਨ ਦੀ ਖਿਡਾਰਨ ਉੱਤੇ ਲੀਡ ਲੈ ਕੇ ਰੱਖੀ। ਸਿੰਧੂ ਨੇ ਕੁੱਝ ਚੰਗੇ ਡਰੌਪ ਸ਼ਾਟ ਵੀ ਲਾਏ ਅਤੇ ਨੈੱਟ ਉੱਤੇ ਅੰਕ ਜੁਟਾ ਕੇ 7-3 ਦੀ ਲੀਡ ਲੈ ਲਈ ਪਰ ਓਕੂਹਾਰਾ ਨੇ ਸਕੋਰ 5-7 ਕਰ ਦਿੱਤਾ। ਸਿੰਧੂ ਨੇ ਹਾਲਾਂ ਕਿ ਲੰਬੀ ਰੈਲੀ ਬਾਅਦ ਦਬਦਬਾ ਬਣਾਇਆ ਅਤੇ ਉਹ ਬਰੇਕ ਤੱਕ 11-6 ਨਾਲ ਅੱਗੇ ਸੀ। ਓਕੂਹਾਰਾ ਨੇ ਇਸ ਤੋਂ ਬਾਅਦ ਵਾਪਸੀ ਕੀਤੀ ਅਤੇ 16-16 ਦੇ ਸਕੋਰ ਉੱਤੇ ਬਰਾਬਰੀ ਹਾਸਲ ਕਰ ਲਈ ਪਰ ਓਕੂਹਾਰਾ ਨੇ ਦੋ ਸਮੈਸ਼ ਬਾਹਰ ਮਾਰ ਕੇ ਸਿੰਧੂ ਨੂੰ 19-17 ਦੀ ਲੀਡ ਲੈਣ ਦਾ ਮੌਕਾ ਦੇ ਦਿੱਤਾ।

ਸਿੰਧੂ ਨੂੰ ਤਿੰਨ ਬਰੇਕ ਪੁਆਇੰਟ ਮਿਲੇ ਅਤੇ ਓਕੂਹਾਰਾ ਨੇ ਦੋ ਬਰੇਕ ਪੁਆਇੰਟ ਬਚਾਏ ਪਰ ਸਿੰਧੂ ਨੇ ਸ਼ਾਨਦਾਰ ਡਰੌਪ ਸ਼ਾਟ ਦੇ ਨਾਲ ਪਹਿਲੀ ਗੇਮ ਜਿੱਤ ਲਈ।ਦੂਜੀ ਗੇਮ ਵਿਚ ਵੀ ਸਿੰਧੂ ਨੇ ਓਕੂਹਾਰਾ ਨੂੰ ਲੰਬੀ ਰੈਲੀ ਵਿਚ ਉਲਝਾਅ ਕੇ 6-4 ਦੀ ਲੀਡ ਲੈ ਲਈ ਪਰ ਜਾਪਾਨ ਦੀ ਖਿਡਾਰਨ ਨੇ 7-7 ਉੱਤੇ ਬਰਾਬਰੀ ਹਾਸਲ ਕਰ ਲਈ ਪਰ ਸਿੰਧੂ ਬ੍ਰੇਕ ਤੱਕ 11-9 ਦੀ ਲੀਡ ਬਣਾਉਣ ਵਿਚ ਸਫਲ ਰਹੀ। ਓਕੂਹਾਰਾ ਨੇ 12-13 ਅਤੇ ਫਿਰ 16-17 ਦੇ ਸਕੋਰ ਉੱਤੇ ਭਾਰਤੀ ਸਟਾਰ ਉੱਤੇ ਦਬਾਅ ਬਣਾਇਆ। ਓਕੂਹਾਰਾ ਨੇ ਨੈੱਟ ਉੱਤੇ ਸ਼ਾਟ ਉਲਝਾਅ ਕੇ ਸਿੰਧੂ ਨੂੰ 18-16 ਦੀ ਲੀਡ ਲੈਣ ਦਾ ਮੌਕਾ ਦੇ ਦਿੱਤਾ। ਸਿੰਧੂ ਨੇ ਲੰਬੀ ਰੈਲੀ ਦਾ ਅੰਤ ਸਮੈਸ਼ ਨਾਲ ਕਰਦਿਆਂ ਸਕੋਰ 19-16 ਕਰ ਦਿੱਤਾ। 19-17 ਦੇ ਸਕੋਰ ਉੱਤੇ ਸਿੰਧੂ ਨੇ ਨੈੱਟ ਉੱਤੇ ਕਿਸਮਤ ਨਾਲ ਮਿਲੇ ਅੰਕ ਬਾਅਦ ਤਿੰਨ ਮੈਚ ਪੁਆਇੰਟ ਹਾਸਲ ਕਰ ਲਏ ਅਤੇ ਫਿਰ ਤੁਰੰਤ ਅਗਲਾ ਪੁਆਇੰਟ ਲੈ ਕੇ ਮੈਚ ਅਤੇ ਖ਼ਿਤਾਬ ਆਪਣੇ ਨਾਂਅ ਕਰ ਲਿਆ।