ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਵਿਚਾਰਿਆ ਜਾ ਸਕਦੈ ਪੰਥ ਤੋਂ ਛੇਕਿਆਂ ਦਾ ਮੁੱਦਾ

ਪੰਥ ਵਿੱਚੋਂ ਛੇਕੇ ਗਏ ਵਿਅਕਤੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਆਮ ਮੁਆਫ਼ੀ ਦੇ ਕੇ ਪੰਥ ਵਿੱਚ ਵਾਪਸੀ ਦਾ ਇੱਕ ਮੌਕਾ ਦੇਣ ਦਾ ਮਾਮਲਾ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ‘ਚ ਵਿਚਾਰਿਆ ਜਾਵੇਗਾ| ਇਹ ਖੁਲਾਸਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਲੰਘੇ ਕੱਲ੍ਹ ਪਟਿਆਲਾ ਫੇਰੀ ਦੌਰਾਨ ਕੀਤਾ|
ਦੱਸਣਯੋਗ ਹੈ ਕਿ ਵੱਖ ਵੱਖ ਮਾਮਲਿਆਂ ਵਿੱਚ ਪਿਛਲੇ ਸਮੇਂ ਕਈ ਵਿਅਕਤੀਆਂ ਨੂੰ ਪੰਥ ’ਚੋਂ ਛੇਕਿਆ ਗਿਆ ਸੀ, ਜਿਨ੍ਹਾਂ ’ਚੋਂ ਬਹੁਤਿਆਂ ਨੇ ਭੁੱਲ ਬਖਸ਼ਾ ਕੇ ਪੰਥ ਵਿੱਚ ਵਾਪਸੀ ਕਰ ਲਈ ਪਰ ਕਈ ਵਿਅਕਤੀ ਹਾਲੇ ਵੀ ਪੰਥ ’ਚੋਂ ਛੇਕੇ ਹੋਏ ਹਨ| ਅਜਿਹੀਆਂ ਸ਼ਖ਼ਸੀਅਤਾਂ ‘ਚ ਪੰਥਕ ਮੁੱਦਿਆਂ ਨੂੰ ਲੈ ਕੇ ਕੁਝ ਪੰਥਕ ਵਿਦਵਾਨ ਵੀ ਸ਼ਾਮਲ ਹਨ| ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਪੰਥ ‘ਚੋਂ ਛੇਕੇ ਵਿਅਕਤੀਆਂ ਨੂੰ 350 ਸਾਲਾ ਜਨਮ ਸਤਾਬਦੀ ‘ਤੇ ਆਮ ਮੁਆਫ਼ੀ ਦੇਕੇ ਪੰਥ ‘ਚ ਵਾਪਸੀ ਲਈ ਇੱਕ ਮੌਕਾ ਦੇਣ ਦੀ ਮੰਗ ਕੀਤੀ ਹੈ| ਵਿਸ਼ੇਸ਼ ਗੱਲਬਾਤ ਕਰਦਿਆਂ ਸ੍ਰੀ ਸਰਨਾ ਵੱਲੋਂ ਰੱਖੀ ਗਈ ਆਮ ਮੁਆਫ਼ੀ ਦੇਣ ਦੀ ਮੰਗ ਨੂੰ ਭਾਵੇਂ ਜਥੇਦਾਰ ਵੱਲੋਂ ਇੱਕ ਤਰ੍ਹਾਂ ਵਾਜਬ ਦੱਸਿਆ ਗਿਆ ਪਰ ਇਹ ਸਾਫ਼ ਨਹੀਂ ਕੀਤਾ ਕਿ ਇਸ ਮਾਮਲੇ ’ਤੇ ਕਦੋਂ ਤੱਕ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸੱਦੀ ਜਾ ਸਕਦੀ ਹੈ| ਸੂਤਰਾਂ ਦਾ ਕਹਿਣਾ ਹੈ ਕਿ ਅਕਾਲ ਤਖ਼ਤ ਸਕੱਤਰੇਤ ਦੇ ਵੱਖ ਵੱਖ ਬਕਾਇਆ ਪਏ ਮਸਲਿਆਂ ’ਤੇ ਜਦੋਂ ਵੀ ਕੋਈ ਸਿੰਘ ਸਹਿਬਾਨ ਦੀ ਇਕੱਤਰਤਾ ਹੋਈ ਤਾਂ ਆਮ ਮੁਆਫ਼ੀ ਦੇ ਮੁੱਦੇ ’ਤੇ ਵਿਚਾਰ ਹੋ ਸਕਦਾ ਹੈ| ਪਿਛਲੇ ਸਮੇਂ ਵਿਵਾਦਾਂ ਦੀ ਘਿਰਨ ਮਗਰੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਮੁਤੱਲਕ ਜਥੇਦਾਰ ਨੇ ਦੱਸਿਆ ਕਿ ਉਸ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਨਾਲ ਸਬੰਧਤ ਹੈ, ਉਸ ਵੱਲੋਂ ਜੇਕਰ ਕੋਈ ਅਪੀਲ ਕੀਤੀ ਜਾਵੇਗੀ ਤਾਂ ਉਸ ਦਾ ਕੇਸ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ‘ਚ ਹੀ ਵਿਚਾਰਿਆ ਜਾਵੇਗਾ, ਪਰ ਫਿਲਹਾਲ ਲੰਗਾਹ ਦੀ ਕੋਈ ਅਪੀਲ ਨਹੀਂ ਆਈ| ਸੂਤਰ ਦੱਸਦੇ ਹਨ ਕਿ ਆਮ ਮੁਆਫ਼ੀ ਦੇਣ ਦਾ ਮੁੱਦਾ ਕਾਫ਼ੀ ਟੇਢਾ ਹੈ। ਅਕਾਲ ਤਖ਼ਤ ਦੀ ਮਰਿਯਾਦਾ ਤੋਂ ਉਲਟ ਜਾ ਕੇ ਫੈਸਲੇ ਲੈਣੇ ਕੌਮ ‘ਚ ਵੱਡੀ ਦੁਬਿੱਧਾ ਦਾ ਮਾਹੌਲ ਪੈਦਾ ਹੋਣ ਦਾ ਵੱਡਾ ਖ਼ਦਸ਼ਾ ਹੈ|