ਸਿਹਤ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਆਈਆਂ ਆਸ਼ਾ ਵਰਕਰਾਂ ਪੁਲੀਸ ਨੇ ਰੋਕੀਆਂ

ਆਪਣੀਆਂ ਮੰਗਾਂ ਦੀ ਪੂਰਤੀ ਲਈ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ ਕਰਨ ਲਈ ਪੰਜਾਬ ਭਰ ਤੋਂ ਪਟਿਆਲਾ ਪੁੱਜੀਆਂ ਸਿਹਤ ਵਿਭਾਗ ਨਾਲ ਸਬੰਧਤ ਸੈਂਕੜੇ ਆਸ਼ਾ ਵਰਕਰਾਂ ਨੂੰ ਪੁਲੀਸ ਨੇ ਕੋਠੀ ਤੋਂ ਅੱਧਾ ਕਿਲੋਮੀਟਰ ਪਿਛਾਂਹ ਪੋਲੋ ਗਰਾਊਂਡ ਕੋਲ ਹੀ ਰੋਕ ਲਿਆ। ਇਸ ਦੌਰਾਨ ਹੀ ਕੋਠੀ ਵੱਲ ਵਧਣ ਲਈ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕਰਦੀਆਂ ਦਰਜਨ ਤੋਂ ਵੀ ਵੱਧ ਆਸ਼ਾ ਵਰਕਰ ਫੱਟੜ ਹੋ ਗਈਆਂ। ਪਹਿਲਾਂ ਤੋਂ ਹੀ ਭਾਰੀ ਗਿਣਤੀ ਵਿੱਚ ਤਾਇਨਾਤ ਪੁਲੀਸ ਬਲ ਨੇ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ, ਜਿਸ ਕਰਕੇ ਉਹ ਉਥੇ ਹੀ ਧਰਨਾ ਲਾ ਕੇ ਬੈਠ ਗਈਆਂ।
ਆਸ਼ਾ ਵਰਕਰਜ਼ ਯੂਨੀਅਨ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਹੇਠਾਂ ਬੱਸ ਸਟੈਂਡ ਤੋਂ ਕਾਫਲੇ ਦੇ ਰੂਪ ਵਿਚ ਚੱਲੀਆਂ ਆਸ਼ਾ ਵਰਕਰਜ਼ ਫੈਕਟਰੀ ਏਰੀਆ, ਖੰਡਾ ਚੌਕ, ਲੀਲਾ ਭਵਨ ਅਤੇ ਫੁਹਾਰਾ ਚੌਕ ਤੋਂ ਹੁੰਦੀਆਂ ਹੋਈਆਂ ਜਦੋਂ ਸਿਹਤ ਮੰਤਰੀ ਦੀ ਕੋਠੀ ਵੱਲ ਵਧ ਰਹੀਆਂ ਸਨ ਤਾਂ ਪੁਲੀਸ ਨੇ ਉਨ੍ਹਾਂ ਨੂੰ ਪਿਛਾਂਹ ਪੋਲੋ ਗਰਾਊਂਡ ਕੋਲ ਹੀ ਬੈਰੀਕੇਡ ਲਾ ਕੇ ਰੋਕ ਲਿਆ। ਉਨ੍ਹਾਂ ਨੇ ਭਾਵੇਂ ਬੈਰੀਕੇਡ ਟੱਪਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲੀਸ ਬਲ ਦੀ ਵਧੇਰੇ ਗਿਣਤੀ ਅੱਗੇ ਉਨ੍ਹਾਂ ਦੀ ਵਾਹ ਨਾ ਚੱਲੀ। ਬੈਰੀਕੇਡ ਟੱਪਣ ਦੀ ਕੋਸ਼ਿਸ਼ ਦੌਰਾਨ ਆਸ਼ਾ ਵਰਕਰਾਂ ਅਤੇ ਮਹਿਲਾ ਪੁਲੀਸ ਮੁਲਾਜ਼ਮਾਂ ਦਰਮਿਆਨ ਧੱਕਾ-ਮੁੱਕੀ ਵੀ ਹੋਈ। ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦਾ ਕਹਿਣਾ ਸੀ ਕਿ ਇਸ ਦੌਰਾਨ ਦਰਜਨ ਤੋਂ ਵੀ ਵੱਧ ਆਸ਼ਾ ਵਰਕਰਾਂ ਫੱਟੜ ਹੋ ਗਈਆਂ।
ਸੂਬਾ ਪ੍ਰਧਾਨ ਦਾ ਕਹਿਣਾ ਸੀ ਕਿ 2 ਜੁਲਾਈ 2018 ਨੂੰ ਨੈਸ਼ਨਲ ਹੈਲਥ ਮੈਡੀਕਲ ਡਾਇਰੈਕਟਰ ਨਾਲ ਹੋਈ ਮੀਟਿੰਗ ਦੌਰਾਨ ਕਈ ਮੰਗਾਂ ’ਤੇ ਸਹਿਮਤੀ ਹੋਈ ਸੀ। ਵਰਦੀ ਭੱਤਾ 600 ਰੁਪਏ ਤੋਂ ਵਧਾ ਕੇ 900 ਰੁਪਏ, ਆਸ਼ਾ ਫੈਸਿਲੀਟੇਟਰ ਦੀ ਟੂਰ ਮਨੀ 50 ਰੁਪਏ ਤੋਂ ਵਧਾ ਕੇ 200 ਰੁਪਏ ਅਤੇ ਆਸ਼ਾ ਵਰਕਰਾਂ ਦਾ ਬੀਮਾ ਵੀ ਕਰਨ ਦੀ ਮੰਗ ਮੰਨੀ ਗਈ ਸੀ ਪਰ ਅਜੇ ਤੱਕ ਕੁਝ ਵੀ ਨਹੀਂ ਹੋਇਆ। ਇਸ ਕਰਕੇ ਉਨ੍ਹਾਂ ਨੂੰ ਮੁੜ ਅਜਿਹਾ ਧਰਨਾ ਪ੍ਰਦਰਸ਼ਨ ਕਰਨਾ ਪਿਆ ਹੈ। ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਨਾ ਹੋਣ ’ਤੇ ਹੋਰਨਾਂ ਸ਼ਹਿਰਾਂ ਵਿਚ ਵੀ ਅਗਲੇ ਦਿਨੀਂ ਰੋਸ ਰੈਲੀਆਂ ਵੀ ਕੀਤੀਆਂ ਜਾਣਗੀਆਂ।
ਇਸੇ ਦੌਰਾਨ ਐੱਸ.ਪੀ. (ਸਿਟੀ) ਕੇਸਰ ਸਿੰਘ ਧਾਲੀਵਾਲ ਨੇ ਉਨ੍ਹਾਂ ਦੀ ਤਹਿਸੀਲਦਾਰ ਨਾਲ ਮੀਟਿੰਗ ਕਰਵਾਈ ਤੇ ਤਹਿਸੀਲਦਾਰ ਰਾਹੀਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦੇਣ ਤੋਂ ਬਾਅਦ ਉਨ੍ਹਾਂ ਨੇ ਧਰਨਾ ਸਮਾਪਤ ਕਰ ਦਿੱਤਾ ਗਿਆ।