ਪੁਲੀਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਹੰਬੋਵਾਲ ਵਿੱਚ ਇੱਕ ਔਰਤ ਦੀ ਸ਼ਮਸ਼ਾਨ ਘਾਟ ਵਿੱਚ ਪਹੁੰਚੀ ਲਾਸ਼ ਦਾ ਸਸਕਾਰ ਹੁੰਦੇ ਹੁੰਦੇ ਪੁਲੀਸ ਨੇ ਰੋਕ ਦਿੱਤਾ। ਮਾਮਲੇ ਸਬੰਧੀ ਜਦੋਂ ਥਾਣਾ ਕਾਹਨੂੰਵਾਨ ਨੂੰ ਸੂਚਨਾ ਮਿਲੀ ਤਾਂ ਪੁਲੀਸ ਨੇ ਘਟਨਾ ਸਥਾਨ ਦਾ ਮੌਕਾ ਵੇਖਿਆ। ਇਸੇ ਦੌਰਾਨ ਪਿੰਡ ਹੱਬੋਵਾਲ ਤੋਂ ਸ਼ਮਸ਼ਾਨਘਾਟ ਨੂੰ ਜਾਣ ਵਾਲੇ ਰਸਤੇ ਉੱਪਰ ਲੋਕਾਂ ਦਾ ਵੱਡਾ ਹਜੂਮ ਜਮ੍ਹਾਂ ਹੋ ਗਿਆ। ਇਸੇ ਤੋਂ ਇਲਾਵਾ ਥਾਣਾ ਕਾਹਨੂੰਵਾਨ ਅਤੇ ਪੁਲੀਸ ਚੌਕੀ ਤੁਗਲਵਾਲ ਦੀ ਪੁਲੀਸ ਵੀ ਮੌਕੇ ’ਤੇ ਹਾਜ਼ਰ ਸੀ। ਜਾਣਕਾਰੀ ਅਨੁਸਾਰ ਕੁਲਵੰਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਹੱਬੋਵਾਲ ਨੇ ਬੀਤੇ ਦਿਨ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ। ਮਿ੍ਤਕ ਕੁਲਵੰਤ ਕੌਰ ਦੇ ਵਾਰਸਾਂ ਵੱਲੋਂ ਉਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਸੀ। ਪਰ ਮੰਗਲਵਾਰ ਸ਼ਾਮ ਨੂੰ ਕੁਲਵੰਤ ਕੌਰ ਦੀ ਹਸਪਤਾਲ ਵਿੱਚ ਮੌਤ ਹੋ ਗਈ। ਬੁੱਧਵਾਰ ਦੀ ਸਵੇਰ ਨੂੰ ਜਦੋਂ ਮ੍ਰਿਤਕ ਦੇ ਵਾਰਸਾਂ ਤੇ ਪਿੰਡ ਵਾਸੀਆਂ ਨੇ ਉਸ ਦੇ ਸੰਸਕਾਰ ਦੀ ਤਿਆਰੀ ਕੀਤੀ ਤਾਂ ਸਿਵਿਆਂ ਨੂੰ ਲੈ ਕੇ ਜਾਂਦੀ ਹੋਈ ਲਾਸ਼ ਨੂੰ ਪੁਲੀਸ ਨੇ ਰੋਕ ਕੇ ਕੁਲਵੰਤ ਕੌਰ ਦੇ ਅੰਤਿਮ ਸੰਸਕਾਰ ਕਰਨ ਦੀ ਵਾਰਸਾਂ ਨੂੰ ਮਨਾਹੀ ਕਰ ਦਿੱਤੀ। ਇਸ ਮੌਕੇ ਮ੍ਰਿਤਕ ਦੇ ਪਤੀ ਬਲਦੇਵ ਸਿੰਘ ਨੇ ਦੱਸਿਆ ਕਿ ਕੁਲਵੰਤ ਕੌਰ ਨੇ ਕਿਸੇ ਮਾਨਸਿਕ ਤਣਾਅ ਦੇ ਚੱਲਦਿਆਂ ਜ਼ਹਿਰ ਖਾ ਲਿਆ ਸੀ। ਅਸੀਂ ਉਸ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਲਈ ਲੈ ਕੇ ਗਏ ਪਰ ਅੰਮ੍ਰਿਤਸਰ ਵਿਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਸਸਕਾਰ ਕਰਨ ਗਏ ਤਾਂ ਪੁਲੀਸ ਨੇ ਰੋਕ ਦਿੱਤਾ। ਇਸ ਮੌਕੇ ਮ੍ਰਿਤਕ ਦੀ ਧੀ ਸਰਬਜੀਤ ਕੌਰ ਅਤੇ ਰਿਸ਼ਤੇਦਾਰ ਨਰਿੰਦਰ ਕੌਰ ਨੇ ਵੀ ਕਿਹਾ ਕਿ ਕੁਲਵੰਤ ਕੌਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ ਅਤੇ ਇਸੇ ਪ੍ਰੇਸ਼ਾਨੀ ਵਿੱਚ ਹੀ ਉਸ ਨੇ ਇਹ ਕਦਮ ਚੁੱਕਿਆ। ਇਸ ਸਬੰਧੀ ਜਦੋਂ ਕੁਝ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਕ ਮ੍ਰਿਤਕ ਔਰਤ ਦਾ ਸਸਕਾਰ ਰੋਕਣਾ ਬਹੁਤ ਹੀ ਵੱਡਾ ਗੁਨਾਹ ਹੈ।
INDIA ਸਿਵਿਆਂ ਵਿੱਚ ਪਹੁੰਚੀ ਲਾਸ਼ ਦਾ ਪੁਲੀਸ ਨੇ ਰੋਕਿਆ ਸਸਕਾਰ