ਸਿਆਸੀ ਸ਼ਰੀਕੇ ਨੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਰਾਹ ਰੋਕਿਆ

12 ਵਰ੍ਹਿਆਂ ਬਾਅਦ ਵੀ ਮਾਮਲਾ ਤਣ-ਪੱਤਣ ਨਾ ਲੱਗਿਆ

ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਮਾਰਗ ਐਲਾਨੇ ਜਾਣ ਦੇ ਰਾਹ ਸਿਆਸੀ ਖਹਿਬਾਜ਼ੀ ਨੇ ਰੋਕ ਲਏ ਜਾਪਦੇ ਹਨ। ਇਹ ਮਾਰਗ ਕਰੀਬ 12 ਵਰ੍ਹਿਆਂ ਤੋਂ ਸਿਆਸੀ ਖਿੱਚੋਤਾਣ ਵਿਚ ਫਸਿਆ ਹੋਇਆ ਹੈ। ਬੇਸ਼ੱਕ ਕੈਪਟਨ ਸਰਕਾਰ ਨੇ ਹੁਣ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਮਾਰਗ ਬਣਾਉਣ ਲਈ ਖ਼ਾਕਾ ਵਾਹੁਣਾ ਸ਼ੁਰੂ ਕਰ ਦਿੱਤਾ ਹੈ ਪਰ ਗੁਰੂ ਗੋਬਿੰਦ ਸਿੰਘ ਮਾਰਗ ਦੀ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ ਹੈ। ਅੱਜ ਸਿਆਸੀ ਧਿਰਾਂ ਨੇ ਕਰਤਾਰਪੁਰ ਲਾਂਘੇ ‘ਤੇ ਸਿਆਸੀ ਲਾਹਾ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਪਹਿਲਾਂ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਪੁਰਬ ਵੀ ਮਨਾਏ ਗਏ ਸਨ। ਮਾਰਗ ਦੀ ਗੱਲ ਫਿਰ ਵੀ ਸਿਰੇ ਨਹੀਂ ਲੱਗੀ।
ਮਰਹੂਮ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਦੇ 577 ਕਿਲੋਮੀਟਰ ਲੰਮੇ ਗੁਰੂ ਗੋਬਿੰਦ ਸਿੰਘ ਮਾਰਗ ਦਾ 10 ਅਪਰੈਲ 1973 ਨੂੰ ਉਦਘਾਟਨ ਕੀਤਾ ਸੀ। ਸ੍ਰੀ ਆਨੰਦਪੁਰ ਸਾਹਿਬ ਤੋਂ ਨਾਂਦੇੜ ਸਾਹਿਬ ਤੱਕ ਇਹ ਮਾਰਗ ਕਰੀਬ 3008 ਕਿਲੋਮੀਟਰ ਲੰਮਾ ਹੈ, ਜਿਸ ’ਚੋਂ 1294 ਕਿਲੋਮੀਟਰ ਮਾਰਗ ਪਹਿਲਾਂ ਹੀ ਕੌਮੀ ਮਾਰਗ ਹੈ, ਜਦੋਂ ਕਿ 1714 ਕਿਲੋਮੀਟਰ ਨੂੰ ਕੌਮੀ ਮਾਰਗ ਐਲਾਨੇ ਜਾਣ ਦੀ ਗੱਲ ਤੋਰੀ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਹਿਲੀ ਪਾਰੀ ਦੌਰਾਨ 21 ਜੂਨ 2006 ਨੂੰ ਗੁਰੂ ਗੋਬਿੰਦ ਸਿੰਘ ਮਾਰਗ ਦਾ ਦਮਦਮਾ ਸਾਹਿਬ ਤੋਂ ਨਾਂਦੇੜ ਸਾਹਿਬ ਤੱਕ ਵਿਸਥਾਰ ਕਰਨ ਦਾ ਐਲਾਨ ਕੀਤਾ ਸੀ। ਹਕੂਮਤ ਬਦਲਣ ਮਗਰੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 26 ਜੁਲਾਈ 2007 ਨੂੰ ਗੁਰੂ ਗੋਬਿੰਦ ਸਿੰਘ ਮਾਰਗ ਦੇ ਵਿਸਥਾਰ ਦਾ ਪ੍ਰਾਜੈਕਟ ਬਣਾਉਣ ਦਾ ਐਲਾਨ ਕੀਤਾ। ਗੁਰਤਾ ਗੱਦੀ ਦਿਵਸ ਦੇ ਲਾਗੇ ਤਤਕਾਲੀ ਸੈਰ ਸਪਾਟਾ ਮੰਤਰੀ ਅੰਬਿਕਾ ਸੋਨੀ ਨੇ 26 ਦਸੰਬਰ 2007 ਨੂੰ ਕੇਂਦਰ ਸਰਕਾਰ ਕੋਲ ਇਸ ਮਾਰਗ ਦਾ ਮਾਮਲਾ ਉਠਾਇਆ। ਇਹ ਮਾਰਗ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਦਿੱਲੀ ਤੇ ਮਹਾਰਾਸ਼ਟਰ ਵਿਚੋਂ ਲੰਘਦਾ ਹੈ। ਗਡਕਰੀ ਨੇ 30 ਨਵੰਬਰ 2015 ਨੂੰ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਮਾਰਗ ਬਣਾਏ ਜਾਣ ਦੀ ਹਰੀ ਝੰਡੀ ਦਿੱਤੀ। ਪੰਜਾਬ ਸਰਕਾਰ ਨੇ ਉਦੋਂ ਹੀ ਸਾਰਾ ਪ੍ਰਾਜੈਕਟ ਬਣਾ ਕੇ ਕੇਂਦਰ ਨੂੰ ਦੇ ਦਿੱਤਾ ਸੀ। ਹਾਲੇ ਤੱਕ ਕੇਂਦਰ ਤੋਂ ਕੋਈ ਕਨਸੋਅ ਨਹੀਂ ਮਿਲੀ ਹੈ।
ਕੇਂਦਰ ਵਿਚ ਯੂ.ਪੀ.ਏ. ਸਰਕਾਰ ਦੌਰਾਨ ਪੰਜਾਬ ਦੀ ਗੱਠਜੋੜ ਸਰਕਾਰ ਆਖਦੀ ਰਹੀ ਕਿ ਕੇਂਦਰ ਸਰਕਾਰ ਮਾਰਗ ਬਣਾਏ ਜਾਣ ਦੇ ਮਾਮਲੇ ਵਿਚ ਸਹਿਯੋਗ ਨਹੀਂ ਕਰ ਰਹੀ ਅਤੇ ਅੜਿੱਕੇ ਪਾ ਰਹੀ ਹੈ। ਹੁਣ ਪੰਜਾਬ ਦੀ ਕਾਂਗਰਸ ਸਰਕਾਰ ਇਹੋ ਗੱਲ ਆਖ ਰਹੀ ਹੈ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਇਸ ਮਾਮਲੇ ਨੂੰ ਲੇਟ ਕਰ ਰਹੀ ਹੈ। ਹੁਣ ਜਦੋਂ ਕਾਂਗਰਸ ਸਰਕਾਰ ਨੇ ਗੁਰੂ ਨਾਨਕ ਦੇਵ ਮਾਰਗ ਬਣਾਉਣ ਦੀ ਤਿਆਰੀ ਵਿੱਢੀ ਹੈ, ਤਾਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਮਾਮਲਾ ਵੀ ਗੂੰਜਣ ਲੱਗਾ ਹੈ। ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਕਹਿਣਾ ਸੀ ਕਿ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਮਾਰਗ ਬਣਾਏ ਜਾਣ ਦੀ ਮੌਜੂਦਾ ਸਥਿਤੀ ਬਾਰੇ ਪਤਾ ਨਹੀਂ ਹੈ। ਮੁੱਖ ਇੰਜੀਨੀਅਰ (ਕੌਮੀ ਹਾਈਵੇ) ਟੀ.ਐੱਸ.ਚਹਿਲ ਨੇ ਵੀ ਗੁਰੂ ਗੋਬਿੰਦ ਸਿੰਘ ਮਾਰਗ ਬਾਰੇ ਅਨਜਾਣਤਾ ਜ਼ਾਹਿਰ ਕੀਤੀ। ਇਸੇ ਦੌਰਾਨ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਹ ਸੰਜੀਦਾ ਮਾਮਲਾ ਹੈ। ਉਹ ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਗੱਲ ਕਰਨਗੇ।