ਸਾਬਕਾ ਆਈਪੀਐਸ ਅਫ਼ਸਰ ਸੰਜੀਵ ਭੱਟ 22 ਸਾਲ ਪੁਰਾਣੇ ਮਾਮਲੇ ’ਚ ਕਾਬੂ

ਗੁਜਰਾਤ ਸੀਆਈਡੀ ਨੇ ਸਾਬਕਾ ਆਈਪੀਐਸ ਅਧਿਕਾਰੀ ਸੰਜੀਵ ਭੱਟ ਨੂੰ 22 ਸਾਲ ਪੁਰਾਣੇ ਨਸ਼ਿਆਂ ਦੇ ਇਕ ਮਾਮਲੇ ਵਿੱਚ ਗਿ੍ਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਬਨਾਸਕਾਂਠਾ ਪੁਲੀਸ ਸਟੇਸ਼ਨ ਦੇ ਕੁਝ ਸਾਬਕਾ ਪੁਲੀਸ ਕਰਮੀਆਂ ਅਤੇ ਸੱਤ ਹੋਰਨਾਂ ਸਮੇਤ ਸੰਜੀਵ ਭੱਟ ਤੋਂ ਇਸ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਆਈਡੀ ਦੇ ਡੀਆਈਜੀ ਆਸ਼ੀਸ਼ ਭਾਟੀਆ ਨੇ ਦੱਸਿਆ ਕਿ ਕੁਝ ਪ੍ਰਸ਼ਨ ਪੁੱਛੇ ਜਾਣ ਤੋਂ ਤੁਰੰਤ ਬਾਅਦ ਸੰਜੀਵ ਭੱਟ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਸੰਜੀਵ ਭੱਟ 1996 ਵਿੱਚ ਬਨਾਸਕਾਂਠਾ ਜ਼ਿਲ੍ਹੇ ਦੇ ਐਸਪੀ ਸਨ। ਉਨ੍ਹਾਂ ਨੂੰ 2015 ਵਿੱਚ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਬਨਾਸਕਾਂਠਾ ਪੁਲੀਸ, ਜਿਸ ਦੀ ਅਗਵਾਈ ਸੰਜੀਵ ਭੱਟ ਕਰ ਰਹੇ ਸਨ, ਨੇ ਵਕੀਲ ਸੁਮਰਸਿੰਘ ਰਾਜਪੁਰੋਹਿਤ ਨੂੰ 1996 ਵਿੱਚ ਇਕ ਕਿੱਲੋ ਡਰੱਗਜ਼ ਰੱਖਣ ਦੇ ਦੋਸ਼ ਵਿੱਚ ਗਿ੍ਫ਼ਤਾਰ ਕੀਤਾ ਸੀ। ਉਸ ਵੇਲੇ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਇਹ ਨਸ਼ੇ ਉਸ ਦੇ ਹੋਟਲ ਦੇ ਕਮਰੇ ’ਚੋਂ ਮਿਲੇ ਹਨ ਜੋ ਰਾਜਪੁਰੋਹਿਤ ਨੇ ਪਾਲਨਪੁਰ ਕਸਬੇ ਵਿੱਚ ਲਿਆ ਹੋਇਆ ਸੀ ਜਦੋਂ ਕਿ ਰਾਜਸਥਾਨ ਪੁਲੀਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਰਾਜਪੁਰੋਹਿਤ ਨੂੰ ਇਕ ਪ੍ਰਾਪਰਟੀ ਦੇ ਵਿਵਾਦ ਦੀ ਰੰਜਿਸ਼ ਕਾਰਨ ਬਨਾਸਕਾਂਠਾ ਪੁਲੀਸ ਵੱਲੋਂ ਕਥਿਤ ਤੌਰ ’ਤੇ ਫਸਾਇਆ ਗਿਆ ਸੀ। ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਰਾਜਪੁਰੋਹਿਤ ਨੂੰ ਬਨਾਸਕਾਂਠਾ ਪੁਲੀਸ ਨੇ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਵਿੱਚ ਸਥਿਤ ਉਸ ਦੇ ਨਿਵਾਸ ਤੋਂ ਕਥਿਤ ਰੂਪ ਵਿੱਚ ਅਗਵਾ ਕੀਤਾ ਸੀ।