ਸਾਡੇ ਖ਼ਿਲਾਫ਼ ਕੇਸ ਬਿਲਕੁਲ ਝੂਠਾ: ਵਰਵਰਾ ਰਾਓ

ਪੁਣੇ ਪੁਲੀਸ ਨੇ ਗ੍ਰਿਫ਼ਤਾਰ ਤਿੰਨੋਂ ਬੁੱਧੀਜੀਵੀ ਘਰ ਪਹੁੰਚਾਏ

ਮਾਓਵਾਦੀਆਂ ਨਾਲ ਸਬੰਧਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਮਨੁੱਖੀ ਅਧਿਕਾਰਾਂ ਦੇ ਪੰਜ ਕਾਰਕੁਨਾਂ ’ਚੋਂ ਤਿੰਨ ਨੂੰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਅੱਜ ਪੁਣੇ ਪੁਲੀਸ ਹਵਾਈ ਉਡਾਣ ਰਾਹੀਂ ਉਨ੍ਹਾਂ ਦੇ ਘਰ ਛੱਡ ਗਈ।
ਖੱਬੇਪੱਖੀ ਕਵੀ ਤੇ ਲੇਖਕ ਵਰਵਰਾ ਰਾਓ ਨੇ ਕੇਂਦਰ ਤੇ ਮਹਾਰਾਸ਼ਟਰ ਸਰਕਾਰ ’ਤੇ ਵਰ੍ਹਦਿਆਂ ਆਖਿਆ ਕਿ ਫ਼ਾਸ਼ੀਵਾਦੀ ਨੀਤੀਆਂ ਖ਼ਿਲਾਫ਼ ਲੜਨ ਵਾਲਿਆਂ ਨੂੰ ਸਾਜ਼ਿਸ਼ਕਾਰ ਕਹਿਣਾ ਹੀ ਆਪਣੇ ਆਪ ਵਿੱਚ ਵੱਡੀ ਸਾਜ਼ਿਸ਼ ਹੈ। ਸ੍ਰੀ ਵਰਨੌਨ ਗੌਂਜ਼ਾਲਵੀਜ਼ ਤੇ ਅਰੁਣ ਫਰੇਰਾ ਨੂੰ ਸੜਕ ਰਸਤੇ ਮੁੰਬਈ ਵਾਪਸ ਲਿਆਂਦਾ ਗਿਆ। ਟਰੇਡ ਯੂਨੀਅਨ ਕਾਰਕੁਨ ਤੇ ਕਾਨੂੰਨ ਦੀ ਪ੍ਰੋਫੈਸਰ ਸੁਧਾ ਭਾਰਦਵਾਜ ਨੂੰ ਫਰੀਦਾਬਾਦ ਵਿੱਚ ਤੇ ਨਾਗਰਿਕ ਅਧਿਕਾਰਾਂ ਦੇ ਕਾਰਕੁਨ ਗੌਤਮ ਨਵਲੱਖਾ ਨੂੰ ਦਿੱਲੀ ਵਿੱਚਲੀ ਰਿਹਾਇਸ਼ ’ਤੇ ਨਜ਼ਰਬੰਦ ਕੀਤਾ ਗਿਆ ਹੈ।ਸ੍ਰੀ ਵਰਵਰਾ ਰਾਓ ਨੇ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ‘‘ ਇਹ ਇਕ ਝੂਠਾ ਕੇਸ ਹੈ। ਭੀਮਾ ਕੋਰੇਗਾਓਂ ਹਿੰਸਾ ਬਾਬਤ ਰਾਜ ਤੇ ਕੇਂਦਰ ਸਰਕਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਸੀ।’’ ਸ੍ਰੀ ਰਾਓ ਦੀ ਪਤਨੀ ਹੇਮਲਤਾ ਤੇ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਤਿਲੰਗਾਨਾ ਪੁਲੀਸ ਵੱਲੋਂ ਕਿਸੇ ਨੂੰ ਵੀ ਉਨ੍ਹਾਂ (ਰਾਓ) ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਡਿਪਟੀ ਪੁਲੀਸ ਕਮਿਸ਼ਨਰ ਕੇਂਦਰੀ ਜ਼ੋਨ ਵਿਸ਼ਵਾ ਪ੍ਰਸ਼ਾਦ ਨੇ ਕਿਹਾ ਕਿ ਹੈਦਰਾਬਾਦ ਪੁਲੀਸ ਨਜ਼ਰਬੰਦੀ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਰਵਰਾ ਰਾਓ ਘਰ ’ਚ ਨਜ਼ਰਬੰਦ ਹਨ ਤੇ ਉਨ੍ਹਾਂ ਨੂੰ ਚਾਰਦੀਵਾਰੀ ਤੋਂ ਬਾਹਰ ਆਉਣ ਦੀ ਆਗਿਆ ਨਹੀਂ ਹੈ। ਉਨ੍ਹਾਂ ਦੀ ਪਤਨੀ ਤੇ ਬੱਚਿਆਂ ਜਾਂ ਜੇ ਕੋਈ ਹੋਰ ਉਨ੍ਹਾਂ ਦੇ ਘਰ ਵਿੱਚ ਰਹਿ ਰਿਹਾ ਹੈ, ਨੂੰ ਹੀ ਉਥੇ ਰਹਿਣ ਦੀ ਆਗਿਆ ਹੋਵੇਗੀ। ਪੁਰਸਕਾਰ ਜੇਤੂ ਲੇਖਕਾ ਅਰੁੰਧਤੀ ਰਾਏ ਨੇ ਆਖਿਆ ਕਿ ਸਰਕਾਰ ਧਿਆਨ ਵੰਡਾਓ ਤੇ ਰਾਜ ਕਰੋ ਦੇ ਫਾਰਮੂਲੇ ਤਹਿਤ ਕੰਮ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਨੂੰ ਇਸ ਦੀਆਂ ਕਾਰਵਾਈਆਂ ਲਈ ਜਵਾਬਦੇਹ ਬਣਾਉਣ ਲਈ ਅੱਗੇ ਆਉਣ। ਇਸ ਦੌਰਾਨ ਸ੍ਰੀ ਵਰਵਰਾ ਰਾਓ ਦੇ ਦਾਮਾਦ ਤੇ ਹੈਦਰਾਬਾਦ ਵਿੱਚ ਇੰਗਲਿਸ਼ ਐਂਡ ਫੌਰੇਨ ਲੈਂਗੂਏਜਿਜ਼ ਯੂਨੀਵਰਸਿਟੀ ਵਿੱਚ ਕਲਚਰਲ ਸਟੱਡੀਜ਼ ਵਿਭਾਗ ਦੇ ਮੁਖੀ ਤੇ ਇੰਟਰ-ਡਿਸਪਲਿਨਰੀ ਸਟੱਡੀਜ਼ ਦੇ ਡੀਨ ਪ੍ਰੋ. ਕੇ ਸਤਿਆਨਰਾਇਣ ਨੇ ਕਿਹਾ ਕਿ ਉਹ ਪੁਲੀਸ ਵੱਲੋਂ ਉਨ੍ਹਾਂ ਦੇ ਘਰ ਦੀ ਤਲਾਸ਼ੀ ਦੌਰਾਨ ਵਰਤੇ ਗਏ ਤੌਰ ਤਰੀਕਿਆਂ ਖਿਲਾਫ਼ ਸੁਪਰੀਮ ਕੋਰਟ ਜਾਣਗੇ।