ਸਾਂਝਾ ਅਧਿਆਪਕ ਮੋਰਚਾ ਨੇ ਕੇਵਲ ਢਿੱਲੋਂ ਦੀ ਕੋਠੀ ਘੇਰੀ

ਅਧਿਆਪਕਾਂ ਦੀ ਤਨਖਾਹ ਕਟੌਤੀ ਖ਼ਿਲਾਫ਼ ਤੇ ਸਮੂਹ ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ’ਤੇ ਪੱਕਾ ਕਰਵਾਉਣ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ 38ਵੇਂ ਦਿਨ ਬਰਨਾਲਾ ਸਥਿਤ ਸੂਬਾਈ ਕਾਂਗਰਸੀ ਆਗੂ ਕੇਵਲ ਢਿੱਲੋਂ ਦੀ ਕੋਠੀ ਦਾ ਘਿਰਾਓ ਕੀਤਾ ਗਿਆ।
ਜ਼ਿਲ੍ਹਾ ਆਗੂ ਨਿਰਮਲ ਚੁਹਾਣਕੇ, ਹਰਿੰਦਰ ਮੱਲ੍ਹੀਆਂ, ਗੁਰਮੀਤ ਸੁਖਪੁਰ, ਪ੍ਰਮਿੰਦਰ ਕਾਹਨੇਕੇ, ਸਿਕੰਦਰ ਸਿੰਘ ਤੇ ਬਲਦੇਵ ਧੌਲਾ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਦੀਆਂ ਤਨਖਾਹਾਂ ਤੇ ਜ਼ਬਰੀ ਕੱਟ ਲਾ ਕੇ ਸਰਕਾਰ ਜਿੱਥੇ ਅਧਿਆਪਕਾਂ ਨੂੰ ਆਰਥਿਕ ਤੇ ਮਾਨਸਿਕ ਸੰਕਟ ਵੱਲ ਧੱਕ ਕੇ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਰਹੀ ਹੈ, ਉਥੇ ਹੀ ਸਰਕਾਰ ਸਰਕਾਰੀ ਸਕੂਲਾਂ ਦਾ ਭੋਗ ਪਾ ਕੇ ਗਰੀਬ ਬੱਚਿਆਂ ਦੇ ਹੱਥੋਂ ਪੜ੍ਹਾਈ ਦਾ ਹੱਕ ਖੋਹ ਰਹੀ ਹੈ। ਆਗੂਆਂ ਕਿਹਾ ਕਿ ਜੇ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਕਾਂਗਰਸ ਪਾਰਟੀ ਦੇ ਕਿਸੇ ਵੀ ਆਗੂ ਨੂੰ ਪਿੰਡਾਂ ’ਚ ਨਹੀਂ ਵੜ੍ਹਨ ਦੇਣਗੇ ਤੇ ਵੋਟਾਂ ਮੰਗਣ ਆਏ ਲੀਡਰਾਂ ਦਾ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂ ਜੁਗਰਾਜ ਟੱਲੇਵਾਲ, ਕਰਮਜੀਤ ਬੀਹਲਾ, ਰਜਿੰਦਰ ਭਦੌੜ, ਅਨਿਲ ਕੁਮਾਰ, ਬਾਬੂ ਸਿੰਘ ਖੁੱਡੀ ਕਲਾਂ, ਸਤਿਨਾਮ ਦਿਵਾਨਾਂ, ਮਲਕੀਤ ਸਿੰਘ, ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਇੱਕ ਪਾਸੇ ਕਾਂਗਰਸ ਸਰਕਾਰ ਘਰ-ਘਰ ਨੌਕਰੀ ਦੇਣ ਦਾ ਢੋਂਗ ਰਚ ਰਹੀ ਹੈ, ਦੂਜੇ ਪਾਸੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮਹੀਨੇ ਤੋਂ ਵੱਧ ਸਮਾਂ ਪਟਿਆਲਾ ’ਚ ਪੱਕਾ ਮੋਰਚਾ ਲਾਈ ਬੈਠੇ ਅਧਿਆਪਕਾਂ ਦੀ ਸਾਰ ਨਹੀਂ ਲੈ ਰਹੀ। ਆਗੂਆਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਅਧਿਆਪਕਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 18 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਅੰਮ੍ਰਿਤਸਰ ਤੇ ਵਿੱਤ ਮੰਤਰੀ ਦੀ ਰਿਹਾਇਸ਼ ਬਠਿੰਡਾ ਦਾ ਸਮੂਹ ਮੁਲਾਜ਼ਮ ’ਤੇ ਜਨਤਕ ਜਥੇਬੰਦੀਆਂ ਦੇ ਨਾਲ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਸੁਖਦੀਪ ਤਪਾ, ਰਾਜੀਵ ਕੁਮਾਰ, ਗੁਰਵਿੰਦਰ ਮਹਿਤਾ, ਅਵਤਾਰ ਸਿੰਘ, ਤਜਿੰਦਰ ਤੇਜੀ, ਨਰਿੰਦਰ ਸ਼ਹਿਣਾ, ਖੁਸ਼ਪ੍ਰੀਤ ਕੁਤਬਾ, ਕਰਮਜੀਤ ਭੋਤਨਾ, ਬਲਜਿੰਦਰ ਪ੍ਰਭੂ, ਬੀਰੂ, ਨਵਜੋਤ ਕੌਰ, ਸੁਖਵਿੰਦਰ ਕੌਰ, ਸੋਨਦੀਪ ਟੱਲੇਵਾਲ ਆਦਿ ਹਾਜ਼ਰ ਸਨ।