ਸਹੁਰਾ ਪਰਿਵਾਰਾਂ ਤੋਂ ਦੁਖੀ ਔਰਤਾਂ ਨੇ ਮੌਤ ਗਲ ਲਾਈ

ਪਿੰਡ ਚੁਤਾਲਾ ਦੀ ਇਕ ਔਰਤ ਨੇ ਸਹੁਰਾ ਪਰਿਵਾਰ ਤੋਂ ਕਥਿਤ ਤੌਰ ’ਤੇ ਤੰਗ ਆ ਕੇ ਕੱਲ੍ਹ ਸ਼ਾਮ ਘਰ ਅੰਦਰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ| ਇਸ ਸਬੰਧੀ ਸਦਰ ਦੀ ਪੁਲੀਸ ਨੇ ਮ੍ਰਿਤਕਾ ਦੇ ਪਤੀ ਸਮੇਤ ਉਸ ਦੇ ਪਰਿਵਾਰ ਦੇ ਛੇ ਜੀਆਂ ਖਿਲਾਫ਼ ਦਫ਼ਾ 304-ਬੀ, 120-ਬੀ ਅਧੀਨ ਕੇਸ ਦਰਜ ਕੀਤਾ ਹੈ| ਏ.ਐੱਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਅਰਸ਼ਦੀਪ ਕੌਰ (22) ਦੇ ਤੌਰ ’ਤੇ ਕੀਤੀ ਗਈ ਹੈ| ਉਸ ਦਾ ਵਿਆਹ ਅਕਤੂਬਰ, 2016 ਨੂੰ ਹੋਇਆ ਸੀ ਅਤੇ ਉਸ ਦੀ ਇਕ 10 ਮਹੀਨੇ ਦੀ ਬੱਚੀ ਵੀ ਹੈ| ਮੁਲਜ਼ਮਾਂ ਵਿੱਚ ਮ੍ਰਿਤਕਾ ਦੇ ਪਤੀ ਗੁਰਪ੍ਰੀਤ ਸਿੰਘ, ਸੱਸ ਕੁਲਜੀਤ ਕੌਰ, ਸਹੁਰਾ ਜਗਦੀਸ਼ ਸਿੰਘ, ਦਾਦੀ ਸੱਸ ਜਸਬੀਰ ਕੌਰ ਤੇ ਦਾਦਾ ਸਹੁਰਾ ਗੁਰਪਾਲ ਸਿੰਘ ਅਤੇ ਜੇਠਾਣੀ ਕੁਲਦੀਪ ਕੌਰ ਦਾ ਨਾਮ ਸ਼ਾਮਲ ਹੈ|
ਮ੍ਰਿਤਕਾ ਦੇ ਪਿਤਾ ਹਜੂਰ ਸਿੰਘ ਨੇ ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਕਿ ਮੁਲਜ਼ਮਾਂ ਨੇ ਉਸ ਦੀ ਲੜਕੀ ਨੂੰ ਵਿਆਹ ਦੇ ਛੇਤੀ ਬਾਅਦ ਹੀ ਘੱਟ ਦਾਜ ਲਿਆਉਣ ਦੇ ਬਹਾਨੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ| ਇਸ ਕਰਕੇ ਉਹ ਡਾਢੀ ਪ੍ਰੇਸ਼ਾਨ ਰਹਿੰਦੀ ਸੀ| ਮ੍ਰਿਤਕਾ ਦਾ ਪਤੀ ਗੁਰਪ੍ਰੀਤ ਸਿੰਘ ਫੌਜ ਵਿੱਚ ਹੈ ਅਤੇ ਉਹ ਅਜੇ ਛੁੱਟੀ ਕੱਟ ਕੇ ਕੱਲ੍ਹ ਹੀ ਵਾਪਸ ਗਿਆ ਸੀ| ਇਸ ਮਗਰੋਂ ਅਰਸ਼ਦੀਪ ਨੇ ਕੱਲ੍ਹ ਸ਼ਾਮ ਘਰ ਅੰਦਰ ਇਕ ਕਮਰੇ ਦੇ ਪੱਖੇ ਨਾਲ ਫਾਹਾ ਲਿਆ। ਇਸ ਬਾਰੇ ਜਿਵੇਂ ਹੀ ਉਸ ਦੇ ਸਹੁਰਾ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਅਰਸ਼ਦੀਪ ਕੌਰ ਨੂੰ ਸ਼ਹਿਰ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਲਿਆਂਦਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ|