ਸਰਕਾਰ ਵਲੋਂ ਮੁਕੰਮਲ ਬਜਟ ਪੇਸ਼ ਕਰਨਾ ਪਾਰਲੀਮਾਨੀ ਨੇਮਾਂ ਤੇ ਰਵਾਇਤਾਂ ਦੀ ਉਲੰਘਣਾ: ਕਾਂਗਰਸ

ਸਰਕਾਰ ਵਲੋਂ ਮੁਕੰਮਲ ਬਜਟ ਪੇਸ਼ ਕੀਤੇ ਜਾਣ ਦੀਆਂ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਕਾਂਗਰਸ ਨੇ ਆਖਿਆ ਕਿ ਇਹ ਸਾਰੇ ਨੇਮਾਂ ਅਤੇ ਤੈਅਸ਼ੁਦਾ ਪਾਰਲੀਮਾਨੀ ਵਿਧੀਆਂ ਦੀ ਉਲੰਘਣਾ ਹੈ। ਸੀਨੀਅਰ ਕਾਂਗਰਸ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਸਰਕਾਰ ਦੇ ਇਰਾਦੇ ਸੰਦੇਹਪੂਰਨ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ‘‘ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਭਾਜਪਾ ਸਰਕਾਰ ਵਲੋਂ ਨਿਯਮਤ ਬਜਟ ਪੇਸ਼ ਕਰਨਾ ਸਾਰੇ ਨੇਮਾਂ ਤੇ ਤੈਅਸ਼ੁਦਾ ਪਾਰਲੀਮਾਨੀ ਵਿਧੀਆਂ ਦੀ ਖਿਲਾਫ਼ਵਰਜ਼ੀ ਹੋਵੇਗੀ। ਇਸ ਸਰਕਾਰ ਦੀ ਮਿਆਦ ਪੰਜ ਸਾਲ ਹੈ ਜੋ ਮਈ 2019 ਵਿਚ ਖਤਮ ਹੋ ਰਹੀ ਹੈ। ਸਰਕਾਰ ਅਗਲੇ ਸਾਲ ਲਈ ਅੰਤਰਿਮ ਬਜਟ ਹੀ ਪੇਸ਼ ਕਰ ਸਕਦੀ ਹੈ। ਮੁਕੰਮਲ ਬਜਟ 12 ਮਹੀਨਿਆਂ ਲਈ ਹੁੰਦਾ ਹੈ ਅਤੇ ਇਸ ਖਾਤਰ ਸਰਕਾਰ ਦੀ ਵੀ ਇੰਨੀ ਹੀ ਮਿਆਦ ਹੋਣੀ ਚਾਹੀਦੀ ਹੈ। ਸਰਕਾਰ ਦੀ ਮਿਆਦ ਤਿੰਨ ਮਹੀਨੇ ਤੇ ਬਜਟ ਪੂਰੇ 12 ਮਹੀਨੇ ਦਾ, ਇਹ ਗੱਲ ਜਚਦੀ ਨਹੀਂ।