ਸਫ਼ਾਈ ਕਰਮਚਾਰੀਆਂ ਨੇ ਡੱਡੂਮਾਜਰਾ ਦਾ ਡੰਪਿੰਗ ਗਰਾਊਂਡ ਘੇਰਿਆ

ਚੰਡੀਗੜ੍ਹ ਵਿੱਚ ਕੂੜਾ ਪ੍ਰਬੰਧਨ ਨੂੰ ਲੈ ਕੇ ਨਗਰ ਨਿਗਮ ਤੇ ਸਫ਼ਾਈ ਕਰਮਚਾਰੀਆਂ ਵਿੱਚ ਪਿਛਲੇ 8 ਦਿਨਾਂ ਤੋਂ ਚੱਲ ਰਿਹਾ ਰੇੜਕਾ ਖਤਮ ਨਹੀਂ ਹੋ ਰਿਹਾ ਹੈ। ਨਗਰ ਨਿਗਮ ਵੱਲੋਂ ਡੋਰ-ਟੂ-ਡੋਰ ਕੂੜਾ ਚੁੱਕਣ ਸਬੰਧੀ ਲਾਗੂ ਕੀਤੀ ਜਾ ਰਹੀ ਪ੍ਰਣਾਲੀ ਦੇ ਵਿਰੋਧ ਵਿੱਚ ਹੜਤਾਲ ’ਤੇ ਬੈਠੇ ਗਾਰਬੇਜ ਕੁਲੈਕਟਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਅੱਜ ਪਹਿਲਾਂ ਤੋਂ ਹੀ ਐਲਾਨੇ ਪ੍ਰੋਗਰਾਮ ਤਹਿਤ ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣ ਆਉਣ ਵਾਲੀਆਂ ਗੱਡੀਆਂ ਨੂੰ ਰੋਕਿਆ ਗਿਆ ਤੇ ਡੰਪਿਗ ਗਰਾਊਂਡ ਦਾ ਘਿਰਾਓ ਕੀਤਾ ਗਿਆ। ਇਸੇ ਦੌਰਾਨ ਪੁਲੀਸ ਨੇ ਇਨ੍ਹਾਂ ਸਫ਼ਾਈ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਇਹ ਸਫਾਈ ਕਾਮੇ ਪਿਛਲੇ ਸੱਤ ਦਿਨਾਂ ਤੋਂ ਸੈਕਟਰ-17 ਵਿੱਚ ਨਿਗਮ ਭਵਨ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਜਦੋਂ ਇਨ੍ਹਾਂ ਦੀ ਕਿਸੇ ਨੇ ਸਾਰ ਨਾ ਲਈ ਤਾਂ ਇਹ ਕਾਮੇ ਨਗਰ ਨਿਗਮ ਸਫ਼ਾਈ ਕਰਮਚਾਰੀ ਯੂਨੀਅਨ ਦੇ ਸਮਰਥਨ ਨਾਲ ਅੱਜ ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ਨੂੰ ਘੇਰਨ ਲਈ ਪਹੁੰਚ ਗਏ ਅਤੇ ਨਗਰ ਨਿਗਮ ਦੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਇਨ੍ਹਾਂ ਨੂੰ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਤਹਿਤ ਕਾਬੂ ਕਰ ਲਿਆ। ਪੁਲੀਸ ਨੇ ਗ੍ਰਿਫ਼ਤਾਰ ਕਾਮਿਆਂ ਨੂੰ ਬੱਸਾਂ ਰਾਹੀਂ ਸੈਕਟਰ-34 ਅਤੇ 39 ਦੇ ਥਾਣਿਆਂ ਵਿੱਚ ਲਿਜਾਇਆ। ਇਸ ਮੌਕੇ ਗ੍ਰਿਫ਼ਤਾਰੀਆਂ ਦੇਣ ਵਾਲਿਆਂ ਵਿੱਚ ਭਾਜਪਾ ਆਗੂ ਰਾਜੇਸ਼ ਕੁਮਾਰ ਕਾਲੀਆ ਅਤੇ ਨਾਮਜ਼ਦ ਕੌਂਸਲਰ ਸਚਿਨ ਲੋਹਟੀਆ ਵੀ ਸ਼ਾਮਲ ਸਨ। ਬਾਅਦ ਵਿੱਚ ਸਫਾਈ ਕਾਮਿਆਂ ਦੇ ਸਮਰਥਨ ਵਿੱਚ ਕਾਂਗਰਸੀ ਆਗੂ ਵੀ ਥਾਣੇ ਪਹੁੰਚ ਗਏ ਜਿਨ੍ਹਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਅਤੇ ਕੌਂਸਲਰ ਦਵਿੰਦਰ ਸਿੰਘ ਬਬਲਾ ਸ਼ਾਮਲ ਸਨ। ਇਸੇ ਦੌਰਾਨ ਥਾਣੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਮੁਨੀਸ਼ ਤਿਵਾੜੀ ਨੇ ਵੀ ਇਨ੍ਹਾਂ ਕਾਮਿਆਂ ਦੇ ਸਮਰਥਨ ਵਿੱਚ ਖੜ੍ਹੇ ਹੋਣ ਦਾ ਐਲਾਨ ਕੀਤਾ। ਥਾਣੇ ਵਿੱਚ ਜਦੋਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਪਹੁੰਚੇ ਤਾਂ ਸਫਾਈ ਕਾਮਿਆਂ ਦੇ ਇੱਕ ਧੜੇ ਨੇ ‘ਪਵਨ ਬਾਂਸਲ ਵਾਪਸ ਜਾਓ’ ਦੇ ਨਾਅਰੇ ਲਗਾਏ। ਦੂਜੇ ਪਾਸੇ ਨਗਰ ਨਿਗਮ ਨੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਚੱਲਦੇ ਨਿਗਮ ਨੇ ਆਪਣੇ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਨੂੰ ਰੱਦ ਕਰ ਦਿੱਤਾ ਹੈ। ਇਸੇ ਦੌਰਾਨ ਅੱਜ ਨਗਰ ਨਿਗਮ ਨੇ ਘਰ-ਘਰ ਗੱਡੀਆਂ ਭੇਜ ਕੇ ਕੂੜਾ ਚੁੱਕਵਾਇਆ। ਨਿਗਮ ਦੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਨੇਤਾ ਕ੍ਰਿਸ਼ਨ ਕੁਮਾਰ ਚੱਡਾ ਨੇ ਕਿਹਾ ਕਿ ਨਿਗਮ 1447 ਲੋਕਾਂ ਨੂੰ 12000 ਰੁਪਏ ਮਹੀਨੇ ਦੀ ਨੌਕਰੀ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਹੈ। ਉਹ ਚਾਹੁੰਦੇ ਹਨ ਕਿ ਠੇਕੇਦਾਰੀ ਪ੍ਰਥਾ ਖਤਮ ਹੋਵੇ ਅਤੇ ਪਹਿਲਾਂ ਵਾਂਗ ਹੀ ਘਰਾਂ ਤੋਂ ਕੂੜਾ ਚੁੱਕਣ ਦਾ ਸਿਸਟਮ ਜਾਰੀ ਰੱਖਿਆ ਜਾਵੇ। ਹੜਤਾਲ ਸਬੰਧੀ ਅੱਜ ਨਗਰ ਨਿਗਮ ਦੇ ਦਫਤਰ ਵਿੱਚ ਮੇਅਰ ਦੇਵੇਸ਼ ਮੋਦਗਿਲ ਅਤੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਫ਼ਾਈ ਕਾਮਿਆਂ ਦੀ ਹੜਤਾਲ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ।