ਸਪੈਨਿਸ਼ ਜੋੜੇ ਵੱਲੋਂ ਛੱਡੀ ਭਾਰਤੀ ਕੁੜੀ ਹਰ ਕੀਮਤ ’ਤੇ ਵਾਪਸ ਲਿਆਵਾਂਗੇ: ਮੇਨਕਾ

ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਉਹ ਭਾਰਤੀ ਕੁੜੀ, ਜਿਸ ਨੂੰ ਸਪੇਨ ਰਹਿੰਦੇ ਉਹਦੇ ਧਰਮ ਦੇ ਮਾਪਿਆਂ ਨੇ ਛੱਡ ਦਿੱਤਾ ਸੀ, ਨੂੰ ਕਿਸੇ ਵੀ ਕੀਮਤ ’ਤੇ ਭਾਰਤ ਵਾਪਸ ਲਿਆਉਣਾ ਚਾਹੁੰਦੇ ਹਨ। ਸ੍ਰੀਮਤੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਇਸ ਆਸ਼ੇ ਨੂੰ ਪੂਰਾ ਕਰਨ ਲਈ ਹਰ ਜ਼ਰੂਰੀ ਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ। ਕੇਂਦਰੀ ਮੰਤਰੀ ਮੀਡੀਆ ਵਿੱਚ ਆਈਆਂ ਉਨ੍ਹਾਂ ਹਾਲੀਆ ਰਿਪੋਰਟਾਂ ਦੇ ਸੰਦਰਭ ਵਿੱਚ ਬੋਲ ਰਹੇ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਇਕ ਸਪੈਨਿਸ਼ ਜੋੜੇ ਨੇ ਮੱਧ ਪ੍ਰਦੇਸ਼ ਦੀ ਇਕ ਏਜੰਸੀ ਤੋਂ ਗੋਦ ਲਈ 13 ਸਾਲਾ ਲੜਕੀ ਨੂੰ ਇਸ ਲਈ ਛੱਡ ਦਿੱਤਾ ਹੈ ਕਿਉਂਕਿ ਉਨ੍ਹਾਂ ਨਾਲ ਲੜਕੀ ਦੀ ਉਮਰ ਨੂੰ ਲੈ ਕੇ ਧੋਖਾ ਕੀਤਾ ਗਿਆ ਹੈ। ਇਹ ਲੜਕੀ ਮੌਜੂਦਾ ਸਮੇਂ ਸਪੇਨ ਦੇ ਜ਼ਾਰਗੋਜ਼ਾ ਵਿੱਚ ਇਕ ਸਰਕਾਰੀ ਆਸ਼ਰਮ ਵਿੱਚ ਹੈ। ਲੜਕੀ ਨੂੰ ਗੋਦ ਲੈਣ ਮੌਕੇ ਭੁਪਾਲ ਅਧਾਰਿਤ ਬੱਚੇ ਗੋਦ ਦੇਣ ਵਾਲੀ ਏਜੰਸੀ ‘ਉਡਾਨ’ ਨੇ ਸਪੈਨਿਸ਼ ਜੋੜੇ ਨੂੰ ਲੜਕੀ ਦੀ ਉਮਰ ਸੱਤ ਸਾਲ ਦੱਸੀ ਸੀ। ਸ੍ਰੀਮਤੀ ਗਾਂਧੀ ਨੇ ਕਿਹਾ ਕਿ ਉਹ ਇਸ ਲੜਕੀ ਨੂੰ ਹਰ ਕੀਮਤ ’ਤੇ ਭਾਰਤ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਡੌਪਸ਼ਨ ਏਜੰਸੀ ਖ਼ਿਲਾਫ਼ ਉਲੰਘਣਾ ਦੇ ਪਹਿਲਾਂ ਵੀ ਕਈ ਕੇਸ ਦਰਜ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।