ਸਨਅਤੀ ਸ਼ਹਿਰ ਦੇ ਫਲਾਈਓਵਰਾਂ ਨੂੰ ਲੱਗਿਆ ‘ਗ੍ਰਹਿਣ’

ਸਨਅਤੀ ਸ਼ਹਿਰ ਦੇ ਫਲਾਈਓਵਰ ’ਤੇ ਲਗਦਾ ਗ੍ਰਹਿਣ ਲੱਗਿਆ ਹੋਇਆ ਹੈ, ਮਈ ਮਹੀਨੇ ਤੋਂ ਹੁਣ ਤੱਕ ਲਗਾਤਾਰ ਚੌਥਾ ਫਲਾਈਓਵਰ ਦਾ ਹਿੱਸਾ ਡਿੱਗ ਗਿਆ। ਹੁਣ ਕੌਮੀ ਹਾਈਵੇਅ ਦੇ ਸ਼ੇਰਪੁਰ ਚੌਕ ’ਤੇ ਵੀ ਉਸਾਰੀ ਅਧੀਨ ਪੁੱਲ ਦਾ ਇੱਕ ਫਲਾਈਓਵਰ ਦਾ ਹਿੱਸਾ ਮੀਂਹ ਦੇ ਚੱਲਦੇ ਡਿੱਗ ਗਿਆ। ਖਾਸ ਗੱਲ ਇਹ ਹੈ ਕਿ ਹਾਲੇ ਇਹ ਫਲਾਈਓਵਰ ਆਵਾਜਾਈ ਲਈ ਸ਼ੁਰੂ ਹੀ ਨਹੀਂ ਹੋਇਆ ਸੀ। ਉਸ ਤੋਂ ਪਹਿਲਾਂ ਹੀ ਇਸ ਦੇ ਇੱਕ ਹਿੱਸੇ ਦੀ ਮਿੱਟੀ ਖਿਸਕਣ ਦੇ ਕਾਰਨ ਕਰੀਬ 6 ਫੁੱਟ ਦਾ ਲੈਂਟਰ ਡਿੱਗ ਗਿਆ, ਜਿਸ ਕਾਰਨ ਉਸਾਰੀ ਕਰਨ ਵਾਲੀ ਕੰਪਨੀ ਦੁਆਰਾ ਵਰਤੇ ਮਟੀਰੀਅਲ ’ਤੇ ਸੁਆਲ ਖੜ੍ਹੇ ਹੋ ਗਏ ਹਨ।
ਜਾਣਕਾਰੀ ਅਨੁਸਾਰ ਪਿਛਲੇਂ ਕਈ ਦਿਨਾਂ ਤੋਂ ਆ ਰਹੇ ਮੀਂਹ ਕਾਰਨ ਸ਼ਹਿਰ ਦੇ ਸ਼ੇਰਪੁਰ ਚੌਕ ਕੋਲ ਉਸਾਰੀ ਅਧੀਨ ਫਲਾਈਓਵਰ ਦੀਆਂ ਕਈ ਥਾਵਾਂ ਤੋਂ ਮਿੱਟੀ ਖਿਸਕ ਗਈ ਸੀ, ਜਿਸ ਤੋਂ ਬਾਅਦ ਅੱਜ ਫਲਾਈਓਵਰ ਦਾ ਇੱਕ ਹਿੱਸਾ ਧਸ ਗਿਆ। ਹਾਲਾਂਕਿ ਜਦੋਂ ਪੁੱਲ ਦਾ ਹਿੱਸਾ ਡਿੱਗਿਆ ਤਾਂ ਥੱਲਿਓ ਕੋਈ ਵਾਹਨ ਨਹੀਂ ਲੰਘ ਰਿਹਾ ਸੀ। ਜਦਕਿ ਇਸ ਪੁੱਲ ਦੇ ਨੇੜੇ ਸਰਵਿਸ ਲਾਈਨ ’ਤੇ ਹਮੇਸ਼ਾ ਭੀੜ ਰਹਿੰਦੀ ਹੈ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਨੈਸ਼ਨਲ ਹਾਈਵੇਅ ’ਤੇ ਸਿਕਸ ਲੇਨ ਦਾ ਕੰਮ ਪਿਛਲੇਂ ਕਈ ਸਾਲਾਂ ਤੋਂ ਜਾਰੀ ਹੈ। ਉਸ ਅਧੀਨ ਹੀ ਸ਼ੇਰਪੁਰ ਚੌਕ ’ਤੇ ਫਲਾਈਓਵਰ ਬਣਾਇਆ ਜਾ ਰਿਹਾ ਹੈ। ਇਸ ਫਲਾਈਓਵਰ ਦਾ ਕੰਮ ਕਾਫ਼ੀ ਸਮੇਂ ਤੋਂ ਬੰਦ ਸੀ।
ਲੋਕਾਂ ਦਾ ਵਿਰੋਧ ਤੇ ਰਾਜਸੀ ਦਖਲ ਕਾਰਨ ਪੁਲ ਦੇ ਨਿਰਮਾਣ ਕਰਨ ਵਾਲੀ ਕੰਪਨੀ ਨੂੰ ਹੁਕਮ ਦੇ ਕੇ ਇਸ ਦਾ ਫਲਾਈਓਵਰ ਦਾ ਕੰਮ ਸ਼ੁਰੂ ਕਰਵਾਇਆ ਸੀ। ਹੁਣ ਕੰਮ ਜਾਰੀ ਹੀ ਸੀ ਕਿ ਫਲਾਈਓਵਰ ਦਾ ਹਿੱਸਾ ਡਿੱਗ ਗਿਆ।
ਦੱਸਣਯੋਗ ਹੈ ਕਿ ਮਈ ਮਹੀਨੇ ਵਿੱਚ ਗਿੱਲ ਚੌਕ ਫਲਾਈਓਵਰ ਦਾ ਇੱਕ ਹਿੱਸਾ ਮਿੱਟੀ ਧੱਸਣ ਕਾਰਨ ਡਿੱਗ ਗਿਆ ਸੀ, ਦੋ ਮਹੀਨੇ ਦੀ ਮੁਰੰਮਤ ਤੋਂ ਬਾਅਦ ਇਸ ਪੁਲ ਨੂੰ ਆਵਾਜਾਈ ਲਈ ਖੋਲ੍ਹਿਆ ਗਿਆ ਸੀ। ਇਸ ਤੋਂ ਬਾਅਦ ਸਨਅਤੀ ਸ਼ਹਿਰ ਦਾ ਚਾਂਦ ਸਿਨੇਮਾ ਨੇੜੇ ਬਣਿਆ ਫਲਾਈਓਵਰ ਅਸੁਰੱਖਿਅਤ ਐਲਾਣ ਕੇ ਬੰਦ ਕਰ ਦਿੱਤਾ ਸੀ। ਜੂਨ ਮਹੀਨੇ ਵਿੱਚ ਸਾਹਨੇਵਾਲ ਨੇੜੇ ਨੈਸ਼ਨਲ ਹਾਈਵੇ ’ਤੇ ਬਣੇ ਫਲਾਈਓਵਰ ਦੀ ਮਿੱਟੀ ਖਿਸਕਣ ਕਾਰਨ ਇੱਕ ਸਲੈਬ ਡਿੱਗ ਗਈ ਸੀ।