ਸਥਾਨਕ ਚੋਣਾਂ: ਵਾਦੀ ਵਿੱਚ ਖ਼ੌਫ਼, ਜੰਮੂ ’ਚ ਉਤਸ਼ਾਹ

ਜੰਮੂ ਕਸ਼ਮੀਰ ’ਚ 13 ਸਾਲਾਂ ਮਗਰੋਂ ਹੋ ਰਹੀਆਂ ਸਥਾਨਕ ਚੋਣਾਂ ਦੇ ਪਹਿਲੇ ਗੇੜ ਦੌਰਾਨ ਸੋਮਵਾਰ ਨੂੰ ਕਸ਼ਮੀਰ ਵਾਦੀ ’ਚ ਜ਼ਿਆਦਾਤਰ ਵੋਟਰਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਪਰ ਜੰਮੂ ਅਤੇ ਲੱਦਾਖ਼ ਖ਼ਿੱਤੇ ’ਚ ਲੋਕਾਂ ਨੇ ਪੂਰਾ ਜੋਸ਼ ਦਿਖਾਇਆ। ਵਾਦੀ ’ਚ 8.3 ਫ਼ੀਸਦੀ ਅਤੇ ਜੰਮੂ ਤੇ ਲੱਦਾਖ਼ ਡਿਵੀਜ਼ਨਾਂ ’ਚ 65 ਫ਼ੀਸਦੀ ਤੋਂ ਵੱਧ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਹੈ। ਸ੍ਰੀਨਗਰ ਦੇ ਇਕ ਵਾਰਡ ’ਚ ਪਥਰਾਅ ਨੂੰ ਛੱਡ ਕੇ ਵਾਦੀ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੋਣ ਅਮਲ ਅਮਨ- ਅਮਾਨ ਨਾਲ ਸਿਰੇ ਚੜ੍ਹਿਆ। ਸੂਬੇ ’ਚ ਦਹਿਸ਼ਤਗਰਦੀ ਨਾਲ ਸਬੰਧਤ ਹਿੰਸਾ ਦੀ ਕੋਈ ਵਾਰਦਾਤ ਨਹੀਂ ਹੋਈ। ਵੱਖਵਾਦੀਆਂ ਵੱਲੋਂ ਚੋਣਾਂ ਦੇ ਬਾਈਕਾਟ ਅਤੇ ਦਹਿਸ਼ਤਗਰਦਾਂ ਵੱਲੋਂ ਉਮੀਦਵਾਰਾਂ ਤੇ ਅਧਿਕਾਰੀਆਂ ਨੂੰ ਧਮਕੀਆਂ ਦੇਣ ਦੇ ਬਾਵਜੂਦ ਜੰਮੂ ਕਸ਼ਮੀਰ ਦੇ ਨਵੇਂ ਰਾਜਪਾਲ ਸਤਿਆ ਪਾਲ ਮਲਿਕ ਨੇ ਵਚਨਬੱਧਤਾ ਦੁਹਰਾਈ ਹੈ ਕਿ ਮਿਉਂਸਿਪਲ ਅਤੇ ਪੰਚਾਇਤ ਚੋਣਾਂ ਕਰਵਾਈਆਂ ਜਾਣਗੀਆਂ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜੰਮੂ ਖ਼ਿੱਤੇ ਦੇ ਰਾਜੌਰੀ ਜ਼ਿਲ੍ਹੇ ’ਚ ਸਭ ਤੋਂ ਵੱਧ 81 ਫ਼ੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਜਦਕਿ ਵਾਦੀ ’ਚ ਸਭ ਤੋਂ ਘੱਟ 3.3 ਫ਼ੀਸਦੀ ਵੋਟਾਂ ਬਾਂਦੀਪੋਰਾ ਜ਼ਿਲ੍ਹੇ ’ਚ ਪਈਆਂ। ਇਸੇ ਤਰ੍ਹਾਂ ਕਸ਼ਮੀਰ ਵਾਦੀ ਦੇ ਸ੍ਰੀਨਗਰ ਜ਼ਿਲ੍ਹੇ ’ਚ 6.2 ਫ਼ੀਸਦੀ, ਬਡਗਾਮ ’ਚ 17, ਅਨੰਤਨਾਗ ’ਚ 7.3, ਬਾਰਾਮੂਲਾ ’ਚ 5.7, ਕੁਪਵਾੜਾ ’ਚ 36.6 ਅਤੇ ਬਾਂਦੀਪੋਰਾ ’ਚ 3.3 ਫ਼ੀਸਦੀ ਵੋਟਾਂ ਪਈਆਂ ਹਨ। ਲੇਹ ’ਚ 55.2 ਫ਼ੀਸਦੀ, ਕਾਰਗਿਲ ’ਚ 78.1, ਜੰਮੂ ’ਚ 63.8, ਰਾਜੌਰੀ ’ਚ 81 ਅਤੇ ਪੁਣਛ ’ਚ 73.1 ਫ਼ੀਸਦੀ ਵੋਟਾਂ ਪਈਆਂ। ਸ੍ਰੀਨਗਰ ਸ਼ਹਿਰ ਦੇ ਬਾਗ਼-ਏ-ਮਹਿਤਾਬ ਇਲਾਕੇ ’ਚ ਨੌਜਵਾਨਾਂ ਅਤੇ ਸੁਰੱਖਿਆ ਬਲਾਂ ਦਰਮਿਆਨ ਝੜਪ ਨੂੰ ਛੱਡ ਕੇ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤਕ ਵੋਟਾਂ ਸ਼ਾਂਤੀਪੂਰਬਕ ਪਈਆਂ। ਮਿਉਂਸਿਪਲ ਚੋਣਾਂ ਦਾ ਦੂਜਾ, ਤੀਜਾ ਅਤੇ ਚੌਥਾ ਗੇੜ ਕ੍ਰਮਵਾਰ 10, 13 ਅਤੇ 16 ਅਕਤੂਬਰ ਨੂੰ ਹੋਵੇਗਾ ਅਤੇ ਵੋਟਾਂ ਦੀ ਗਿਣਤੀ 20 ਅਕਤੂਬਰ ਨੂੰ ਹੋਵੇਗੀ। ਜੰਮੂ ਜ਼ਿਲ੍ਹੇ ’ਚ ਤਕਰੀਬਨ ਸਾਰੇ ਵਾਰਡਾਂ ’ਚ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ ਪਰ ਵਾਦੀ ’ਚ ਤਸਵੀਰ ਵੱਖਰੀ ਸੀ ਜਿਥੇ ਵੋਟਰ ਮਤਦਾਨ ਕੇਂਦਰਾਂ ਤੋਂ ਦੂਰ ਰਹੇ। ਚੋਣਾਂ ਉਸ ਸਮੇਂ ਹੋ ਰਹੀਆਂ ਹਨ ਜਦੋਂ ਦੋ ਪ੍ਰਮੁੱਖ ਪਾਰਟੀਆਂ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕਰੇਟਿਕ ਪਾਰਟੀ ਅਤੇ ਸੀਪੀਐਮ ਨੇ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਹੈ। ਲੱਦਾਖ਼ ਖ਼ਿੱਤੇ ’ਚ ਹੱਢ ਚੀਰਵੀਂ ਠੰਢ ਕਾਰਨ ਵੋਟਰ ਸਵੇਰੇ ਘਰਾਂ ਤੋਂ ਬਾਹਰ ਨਹੀਂ ਨਿਕਲੇ ਪਰ ਕਾਰਗਿਲ ਅਤੇ ਲੇਹ ’ਚ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ। ਬਾਂਦੀਪੋਰਾ ਜ਼ਿਲ੍ਹੇ ਦੇ ਅਲੂਸਾ ’ਚ ਇਕ ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਵੋਟਿੰਗ ਕਾਊਂਟਰ ’ਤੇ ਇਕ ਮਹਿਲਾ ਨੂੰ ਵੋਟਰ ਨਾਲ ਲਿਜਾਣ ਕਰਕੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।