ਸਤਨਾਮ ਸਿੰਘ ਪਾਉਂਟਾ ਦੇ ਕੇਸ ਦਾ ਫ਼ੈਸਲਾ ਭਲਕੇ ਆਉਣ ਦੀ ਸੰਭਾਵਨਾ

ਅੰਮ੍ਰਿਤਸਰ- ਲਗਪਗ 37 ਸਾਲ ਪਹਿਲਾਂ ਹਵਾਈ ਜਹਾਜ਼ ਅਗਵਾ ਕਰਨ ਦੀ ਵਾਪਰੀ ਘਟਨਾ ਲਈ ਪਾਕਿਸਤਾਨ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਚੁੱਕੇ ਦਲ ਖਾਲਸਾ ਦੇ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ (67) ਅਤੇ ਤੇਜਿੰਦਰਪਾਲ ਸਿੰਘ (66) ਖ਼ਿਲਾਫ਼ ਦਿੱਲੀ ਸਥਿਤ ਪਟਿਆਲਾ ਹਾਊਸ ਅਦਾਲਤ ਵਿੱਚ ਚਲ ਰਹੇ ਇਕ ਕੇਸ ਵਿੱਚ ਮੁੜ ਸਜ਼ਾ ਸੁਣਾਏ ਜਾਣ ਦੀ ਤਲਵਾਰ ਲਟਕ ਰਹੀ ਹੈ। ਦੇਸ਼ ਖ਼ਿਲਾਫ਼ ਜੰਗ ਦੇ ਦੋਸ਼ ਹੇਠ ਆਈਪੀਸੀ ਦੀ ਧਾਰਾ 121, 121 ਏ, 120 ਬੀ ਤਹਿਤ ਚੱਲ ਰਹੇ ਇਸ ਕੇਸ ਦਾ ਫ਼ੈਸਲਾ 27 ਅਗਸਤ ਨੂੰ ਸੁਣਾਏ ਜਾਣ ਦੀ ਸੰਭਾਵਨਾ ਹੈ।
ਸਤਨਾਮ ਸਿੰਘ ਪਾਉਂਟਾ ਸਾਹਿਬ 27 ਅਗਸਤ ਨੂੰ ਅਦਾਲਤ ਵੱਲੋਂ ਦਿੱਤੇ ਜਾਣ ਵਾਲੇ ਕਿਸੇ ਵੀ ਫ਼ੈਸਲੇ ਤੋਂ ਪਹਿਲਾਂ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਹੋਰ ਸਨੇਹੀ ਵੀ ਹਾਜ਼ਰ ਸਨ। ਇਸ ਮੌਕੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਪਿਛਲੇ 37 ਸਾਲਾਂ ਵਿੱਚ ਉਨਾਂ ਨੇ ਜੇਲ੍ਹ ਦੇਖੀ ਹੈ ਜਾਂ ਅਦਾਲਤ ਦੇ ਚੱਕਰ ਕੱਟੇ ਹਨ। ਪਿਛਲੇ ਲਗਪਗ ਚਾਰ ਦਹਾਕਿਆਂ ਤੋਂ ਉਨ੍ਹਾਂ ਦੀ ਜ਼ਿੰਦਗੀ ਜੇਲ੍ਹ ਅਤੇ ਅਦਾਲਤ ਦਾ ਹਿੱਸਾ ਬਣੀ ਹੋਈ ਹੈ। ਉਨ੍ਹਾਂ ਮੁੜ ਸਜ਼ਾ ਸੁਣਾਏ ਜਾਣ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਅਦਾਲਤ ਵੱਲੋਂ ਉਕਤ ਕੇਸ ਵਿੱਚ ਕੋਈ ਵੀ ਫੈਸਲਾ ਲਿਆ ਜਾ ਸਕਦਾ ਹੈ। ਅਦਾਲਤ ਉਨ੍ਹਾਂ ਨੂੰ ਬਰੀ ਵੀ ਕਰ ਸਕਦੀ ਹੈ ਤੇ ਸਜ਼ਾ ਵੀ ਸੁਣਾ ਸਕਦੀ ਹੈ, ਇਸੇ ਵਾਸਤੇ ਉਨ੍ਹਾਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ ਹੈ। 67 ਵਰ੍ਹਿਆਂ ਦੇ ਸਤਨਾਮ ਸਿੰਘ ਦਾ ਇਕ ਗੁਰਦਾ ਖਰਾਬ ਹੋ ਚੁੱਕਾ ਹੈ, ਜਿਸ ਨੂੰ ਉਨ੍ਹਾਂ ਕੁਝ ਸਮਾਂ ਪਹਿਲਾਂ ਅਪਰੇਸ਼ਨ ਕਰਵਾ ਕੇ ਕਢਵਾਇਆ ਸੀ। ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਪਾਉਂਟਾ ਸਾਹਿਬ ਸਮੇਤ ਉਨ੍ਹਾਂ ਦੇ ਚਾਰ ਸਾਥੀਆਂ ਤੇਜਿੰਦਰਪਾਲ ਸਿੰਘ, ਗਜਿੰਦਰ ਸਿੰਘ, ਜਸਬੀਰ ਸਿੰਘ ਤੇ ਕਰਨ ਸਿੰਘ ਨੇ 29 ਸਤੰਬਰ 1981 ਨੂੰ ਸੰਤ ਭਿੰਡਰਾਂਵਾਲਿਆਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਇੰਡੀਅਨ ਏਅਰ ਲਾਈਨਜ਼ ਦਾ ਜਹਾਜ਼ ਆਈਸੀ-423 ਜੋ ਦਿੱਲੀ ਤੋਂ ਅੰਮ੍ਰਿਤਸਰ ਹੁੰਦਿਆਂ ਸ੍ਰੀਨਗਰ ਜਾ ਰਿਹਾ ਸੀ, ਨੂੰ ਅਗਵਾ ਕਰ ਲਿਆ ਸੀ। ਇਹ ਹਵਾਈ ਜਹਾਜ਼ ਲਾਹੌਰ ਦੇ ਹਵਾਈ ਅੱਡੇ ਉੱਤੇ ਉਤਾਰਿਆ ਗਿਆ ਸੀ, ਜਿੱਥੇ 30 ਸਤੰਬਰ ਨੂੰ ਇਨ੍ਹਾਂ ਪੰਜ ਜਣਿਆਂ ਨੂੰ ਪਾਕਿਸਤਾਨ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪਾਕਿਸਤਾਨ ਦੀ ਅਦਾਲਤ ਵੱਲੋਂ 20 ਜਨਵਰੀ 1986 ਨੂੰ ਇਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਲਗਪਗ 14 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ 1999 ਵਿੱਚ ਭਾਰਤ ਪਰਤਣ ਉੱਤੇ ਉਸ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਜਿੱਥੇ ਕੇਸ ਦੀ ਸੁਣਵਾਈ ਮਗਰੋਂ ਫਰਵਰੀ 2000 ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ। ਇਸ ਦੌਰਾਨ ਉਸ ਦਾ ਇਕ ਹੋਰ ਸਾਥੀ ਤੇਜਿੰਦਰਪਾਲ ਸਿੰਘ ਜਲੰਧਰ ਵੀ ਦੇਸ਼ ਪਰਤ ਚੁੱਕਾ ਸੀ। ਉਸ ਨੇ ਵੀ ਅਦਾਲਤ ਵਿੱਚ ਬਰੀ ਹੋਣ ਵਾਸਤੇ ਅਰਜ਼ੀ ਦਾਇਰ ਕੀਤੀ ਸੀ। ਦਿੱਲੀ ਦੀ ਅਦਾਲਤ ਨੇ ਉਸ ਦੀ ਅਰਜ਼ੀ ਉੱਤੇ ਸੁਣਵਾਈ ਕਰਦਿਆਂ 2007 ਵਿੱਚ ਦੋਹਾਂ ਜਹਾਜ਼ ਅਗਵਾਕਾਰਾਂ ਖ਼ਿਲਾਫ਼ ਮੁੜ ਦੇਸ਼ ਖ਼ਿਲਾਫ਼ ਜੰਗ ਦਾ ਮੁਕੱਦਮਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਗਏ। ਹੁਣ ਇਸ ਕੇਸ ਵਿੱਚ ਬਹਿਸ ਆਦਿ ਮੁਕੰਮਲ ਹੋ ਚੁੱਕੀ ਹੈ ਅਤੇ ਅਦਾਲਤ ਵੱਲੋਂ 27 ਅਗਸਤ ਨੂੰ ਇਸ ਸਬੰਧੀ ਅਗਲਾ ਫੈਸਲਾ ਦਿੱਤਾ ਜਾ ਸਕਦਾ ਹੈ।