ਸਕੂਲ ਵੈਨ ਤੇ ਬੱਸ ਦੀ ਟੱਕਰ ’ਚ ਛੇ ਬੱਚਿਆਂ ਤੇ ਚਾਲਕ ਦੀ ਮੌਤ

ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਬਰਸਿੰਘਪੁਰ ਵਿੱਚ ਅੱਜ ਇਕ ਬੱਸ ਦੇ ਸਕੂਲ ਵੈਨ ਨਾਲ ਟਕਰਾਉਣ ਕਾਰਨ ਛੇ ਬੱਚਿਆਂ ਅਤੇ ਚਾਲਕ ਦੀ ਮੌਤ ਹੋ ਗਈ ਜਦੋਂਕਿ 11 ਜਣੇ ਜ਼ਖ਼ਮੀ ਹੋ ਗਈ।
ਸਤਨਾ ਦੇ ਐੱਸਪੀ ਸੰਤੋਸ਼ ਸਿੰਘ ਗੌੜ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਪੰਜ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸ੍ਰੀ ਗੌੜ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 8.30 ਵਜੇ ਵਾਪਰਿਆ। ਹਾਦਸੇ ਵਿੱਚ ਮਰਨ ਵਾਲੇ ਛੇ ਬੱਚਿਆਂ ਦੀ ਉਮਰ 10 ਤੋਂ 15 ਸਾਲਾਂ ਵਿੱਚ ਹੈ। ਉਹ ਵੈਨ ਰਾਹੀਂ ਸਕੂਲ ਜਾ ਰਹੇ ਸਨ ਕਿ ਰਸਤੇ ਵਿੱਚ ਇਹ ਹਾਦਸਾ ਹੋ ਗਿਆ। ਇਸ ਦੌਰਾਨ ਵੈਨ ਦੇ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਸਕੂਲ ਵੈਨ ਪੂਰੀ ਤਰ੍ਹਾਂ ਨੁਕਸਾਨੀ ਗਈ। ਜਿਸ ਬੱਸ ਨਾਲ ਸਕੂਲ ਵੈਨ ਦੀ ਟੱਕਰ ਹੋਈ ਉਹ ਰੇਵਾ ਤੋਂ ਚਿੱਤਰਕੂਟ ਜਾ ਰਹੀ ਸੀ। ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਪੰਜ ਵਿਦਿਆਰਥੀਆਂ ਅਤੇ ਬੱਸ ਦੀਆਂ ਛੇ ਸਵਾਰੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਹਾਦਸੇ ਵਿੱਚ ਮਰਨ ਵਾਲੇ ਬੱਚੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਲੱਕੀ ਕਾਨਵੈਂਟ ਸਕੂਲ, ਬਰਸਿੰਘਪੁਰ ਦੇ ਵਿਦਿਆਰਥੀ ਸਨ। ਇਨ੍ਹਾਂ ਬੱਚਿਆਂ ਵਿੱਚ ਚਾਰ ਲੜਕੇ ਤੇ ਦੋ ਲੜਕੀਆਂ ਸ਼ਾਮਲ ਸਨ। ਸ੍ਰੀ ਗੌੜ ਅਨੁਸਾਰ ਇਸ ਭਿਆਨਕ ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਜ਼ਿਲ੍ਹੇ ਦੇ ਕੁਲੈਕਟਰ ਰਾਹੁਲ ਜੈਨ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਲਈ ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ।
ਇਸ ਹਾਦਸੇ ’ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਹੈ।