ਸਕੂਲ ਦੇ ਬਾਹਰ ਵਿਦਿਆਰਥੀ ਦਾ ਕਤਲ

ਪੰਚਕੂਲਾ ਦੇ ਸੈਕਟਰ 7 ਵਿੱਚ ਸੰਦੀਪ ਸਾਗਰ ਸਕੂਲ ਵਿੱਚ ਅੱਜ ਵਿਦਿਆਰਥੀਆਂ ਦੇ ਦੋ ਧੜਿਆਂ ਵਿਚਾਲੇ ਲੜਾਈ ਹੋ ਗਈ ਜਿਸ ਵਿੱਚ ਕਰੀਬ 25 ਵਿਦਿਆਰਥੀ ਸ਼ਾਮਿਲ ਸਨ। ਇੱਕ ਗੁੱਟ ਨੇ ਦੂਸਰੇ ਗੁੱਟ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਇੱਕ ਬੱਚੇ ਨੂੰ ਚਾਕੂ ਲੱਗਣ ਕਾਰਨ ਉਸ ਨੂੰ ਸੈਕਟਰ 6 ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਵਿਦਿਆਰਥੀ ਦੀ ਸ਼ਨਾਖ਼ਤ ਵਿਕਾਸ ਵਜੋਂ ਹੋਈ ਹੈ ਤੇ ਉਸ ਦੀ ਉਮਰ 16 ਸਾਲ ਹੈ। ਜਾਣਕਾਰੀ ਮੁਤਾਬਿਕ ਮੌਤ ਹੋਣ ਵਾਲੇ ਵਿਦਿਆਰਥੀ ਜੋ ਕਿ ਸੰਦੀਪ ਸਾਗਰ ਸਕੂਲ ਵਿੱਚ 11ਵੀਂ (ਆਰਟਸ) ਵਿੱਚ ਪੜ੍ਹਦਾ ਸੀ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੀ ਕੁਝ ਲੜਕਿਆਂ ਨਾਲ ਆਪਸੀ ਰੰਜਿਸ਼ ਚੱਲ ਰਹੀ ਸੀ ਅਤੇ ਅੱਜ ਸਕੂਲ ਦੀ ਛੁੱਟੀ ਤੋਂ ਬਾਅਦ ਜਦੋਂ ਵਿਕਾਸ ਘਰੋਂ ਬਾਹਰ ਨਿਕਲਿਆ ਤਾਂ ਸਕੂਲ ਦੇ ਗੇਟ ਦੇ ਬਾਹਰ ਦਰਜਨਾਂ ਮੁੰਡਿਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ। ਜਿਨ੍ਹਾਂ ਮੁੰਡਿਆਂ ਨੇ ਵਿਕਾਸ ’ਤੇ ਹਮਲਾ ਕੀਤਾ ਉਹ ਸਰਕਾਰੀ ਆਈਟੀਆਈ ਦੀ ਵਰਦੀ ਵਿੱਚ ਸਨ। ਇਸੇ ਝਗੜੇ ਵਿੱਚ ਸੂਰਜ ਨਾਮ ਦਾ ਮੁੰਡਾ ਵੀ ਜ਼ਖ਼ਮੀ ਹੋ ਗਿਆ ਜਿਸ ਦਾ ਇਲਾਜ ਸਿਵਲ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇਸੈਕਟਰ 7 ਥਾਣੇ ਦੀ ਪੁਲੀਸ ਅਤੇ ਏਸੀਪੀ ਪੰਚਕੂਲਾ ਨੁਪੂਰ ਬਿਸ਼ਨੋਈ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲੀਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੰਚਕੂਲਾ ਪੁਲੀਸ ਵੱਲੋਂ ਅੱਜ-ਕੱਲ੍ਹ ਸਰਕਾਰੀ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ਦੇ ਬਾਹਰ ਛੁੱਟੀ ਸਮੇਂ ਪੈਟਰੌਲਿੰਗ ਬੰਦ ਕੀਤੀ ਹੋਈ ਹੈ।