ਸਈਦ ਸਲਾਹੂਦੀਨ ਦਾ ਪੁੱਤਰ ਐੱਨਆਈਏ ਵੱਲੋਂ ਗਿ੍ਫ਼ਤਾਰ

ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਖ਼ਤਰਨਾਕ ਅਤਿਵਾਦੀ ਸਈਦ ਸਲਾਹੂਦੀਨ ਦੇ ਪੁੱਤਰ ਸ਼ਕੀਲ ਯੂਸਫ਼ ਨੂੰ ਅਤਿਵਾਦੀਆਂ ਲਈ ਫੰਡ ਮੁਹੱਈਆ ਕਰਾਉਣ ਦੇ 2011 ਨਾਲ ਸਬੰਧਤ ਇਕ ਕੇਸ ਵਿੱਚ ਗਿ੍ਫ਼ਤਾਰ ਕੀਤਾ ਹੈ। ਉਸਨੇ ਇਹ ਧਨ ਆਪਣੇ ਪਿਤਾ ਤੋਂ ਹਾਸਲ ਕੀਤਾ ਸੀ। ਐਨਆਈਏ ਦੇ ਇਕ ਬੁਲਾਰੇ ਨੇ ਨਵੀਂ ਦਿੱਲੀ ਵਿੱਚ ਦੱਸਿਆ ਕਿ ਸ਼ਕੀਲ ਅੱਜ ਕੱਲ੍ਹ ਇਕ ਸਰਕਾਰੀ ਹਸਪਤਾਲ ਵਿੱਚ ਲੈਬਾਰਟਰੀ ਅਸਿਸਟੈਂਟ ਵਜੋਂ ਕੰਮ ਕਰ ਰਿਹਾ ਹੈ। ਉਸ ਨੂੰ ਸ੍ਰੀਨਗਰ ਦੇ ਰਾਮਬਾਗ ਇਲਾਕੇ ਵਿੱਚ ਗਿ੍ਫ਼ਤਾਰ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਐਨਆਈਏ ਦੀ ਟੀਮ ਨੇ ਪੁਲੀਸ ਅਤੇ ਸੀਆਰਪੀਐਫ਼ ਨਾਲ ਮਿਲ ਕੇ ਸ਼ਕੀਲ ਦੀ ਗਿ੍ਫ਼ਤਾਰੀ ਨੂੰ ਅੰਜਾਮ ਦਿੱਤਾ। ਇਹ ਸਲਾਹੁੂਦੀਨ ਦਾ ਦੂਜਾ ਪੁੱਤਰ ਹੈ ਜਿਸ ਨੂੰ ਐਨਆਈਏ ਨੇ ਇਸ ਮਾਮਲੇ ਵਿੱਚ ਗਿ੍ਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਇਸੇ ਸਾਲ ਜੂਨ ਵਿੱਚ ਉਸ ਦੇ ਦੂਜੇ ਪੁੱਤਰ ਸ਼ਾਹਿਦ ਨੂੰ ਪੁਲੀਸ ਨੇ ਇਸੇ ਕੇਸ ਦੇ ਸਬੰਧ ਵਿੱਚ ਗਿ੍ਫ਼ਤਾਰ ਕੀਤਾ ਸੀ ਜੋ ਜੰਮੂ ਅਤੇ ਕਸ਼ਮੀਰ ਸਰਕਾਰ ਦੇ ਖੇਤੀਬਾੜੀ ਵਿਭਾਗ ਵਿੱਚ ਕੰਮ ਕਰਦਾ ਸੀ।