ਸ਼ੱਕੀ ਦਹਿਸ਼ਤੀਆਂ ਨੂੰ 12 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚ ਭੇਜਿਆ

ਨਵੀਂ ਦਿੱਲੀ-ਇਥੋਂ ਦੀ ਅਦਾਲਤ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ 10 ਸ਼ੱਕੀ ਦਹਿਸ਼ਤਗਰਦਾਂ ਨੂੰ 12 ਦਿਨਾਂ ਲਈ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਐਨਆਈਏ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛ-ਗਿੱਛ ਲਈ 15 ਦਿਨਾਂ ਦਾ ਸਮਾਂ ਮੰਗਿਆ ਸੀ ਤਾਂ ਜੋ ਸਾਰੀ ਸਾਜ਼ਿਸ਼ ਦਾ ਪਰਦਾਫ਼ਾਸ਼ ਕੀਤਾ ਜਾ ਸਕੇ। ਏਜੰਸੀ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਮੁਲਜ਼ਮਾਂ ਦੇ ਵਕੀਲ ਐਮ ਐਸ ਖ਼ਾਨ ਨੇ ਕਿਹਾ ਕਿ ਐਨਆਈਏ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਪਹਿਲਾਂ ਹੀ ਕੇਸ ਨਾਲ ਸਬੰਧਤ ਸਾਰਾ ਖ਼ੁਲਾਸਾ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਰਿਮਾਂਡ ’ਤੇ ਭੇਜੇ ਜਾਣ ਦੀ ਲੋੜ ਨਹੀਂ ਹੈ। ਹੁਣ ਮੁਲਜ਼ਮਾਂ ਤੋਂ ਹਿਰਾਸਤ ’ਚ ਪੁੱਛ-ਗਿੱਛ ਮਗਰੋਂ 8 ਜਨਵਰੀ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਮੁਫ਼ਤੀ ਸਮੇਤ 10 ਮੁਲਜ਼ਮਾਂ ਨੂੰ ਭਾਰੀ ਸੁਰੱਖਿਆ ਹੇਠ ਚਿਹਰੇ ਢਕ ਕੇ ਵਧੀਕ ਸੈਸ਼ਨਜ਼ ਜੱਜ ਅਜੇ ਪਾਂਡੇ ਮੂਹਰੇ ਪੇਸ਼ ਕੀਤਾ ਗਿਆ ਅਤੇ ਅਦਾਲਤ ਦੀ ਕਾਰਵਾਈ ਕੈਮਰੇ ਹੇਠ ਚੱਲੀ। ਜੱਜ ਨੇ ਕੁਝ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਛਾਣ ਪੱਤਰ ਦੇਣ ’ਤੇ ਅਦਾਲਤ ਦੇ ਕਮਰੇ ’ਚ ਹੀ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ।
ਜ਼ਿਕਰਯੋਗ ਹੈ ਕਿ ਮੁਫ਼ਤੀ ਮੁਹੰਮਦ ਸੁਹੇਲ ਉਰਫ਼ ਹਜ਼ਰਤ (29), ਅਨਸ ਯੂਨੁਸ (24), ਰਾਸ਼ਿਦ ਜ਼ਫ਼ਰ ਰਾਕ ਉਰਫ਼ ਜ਼ਫ਼ਰ (23), ਸਈਦ ਉਰਫ਼ ਸੱਯਦ (28), ਸਈਦ ਦੇ ਭਰਾ ਰਈਸ ਅਹਿਮਦ, ਜ਼ੁਬੇਰ ਮਲਿਕ (20), ਜ਼ੁਬੇਰ ਦੇ ਭਰਾ ਜ਼ਾਇਦ (22), ਸਾਕਿਬ ਇਫ਼ਤੇਕਾਰ (26), ਮੁਹੰਮਦ ਇਰਸ਼ਾਦ ਅਤੇ ਮੁਹੰਮਦ ਆਜ਼ਮ (35) ਨੂੰ ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਛਾਪੇ ਮਾਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਐਨਆਈਏ ਮੁਤਾਬਕ ਉਨ੍ਹਾਂ ‘ਹਰਕਤ ਉਲ ਹਰਬ ਏ ਇਸਲਾਮ’ ਨਾਮ ਦੀ ਜਥੇਬੰਦੀ ਬਣਾਈ ਹੋਈ ਸੀ ਜੋ ਇਸਲਾਮਿਕ ਸਟੇਟ ਤੋਂ ਪ੍ਰਭਾਵਿਤ ਸਨ।
ਐਨਆਈਏ ਨੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਅਤੇ ਉੱਤਰ ਪ੍ਰਦੇਸ਼ ਦੇ ਅਤਿਵਾਦ ਰੋਕੂ ਦਸਤੇ (ਏਟੀਐਸ) ਨਾਲ ਤਾਲਮੇਲ ਬਣਾ ਕੇ ਦਿੱਲੀ ਦੇ ਜਫਰਾਬਾਦ ਅਤੇ ਸੀਲਮਪੁਰ ਦੀਆਂ ਛੇ ਥਾਵਾਂ ਤੇ ਯੂਪੀ ਦੇ ਅਮਰੋਹਾ, ਲਖਨਊ, ਹਾਪੁੜ ਅਤੇ ਮੇਰਠ ’ਚ 11 ਥਾਵਾਂ ’ਤੇ ਛਾਪੇ ਮਾਰੇ ਸਨ। ਇਹ ਗ੍ਰਿਫ਼ਤਾਰੀਆਂ ਗਣਤੰਤਰ ਦਿਵਸ ਤੋਂ ਮਹੀਨਾ ਪਹਿਲਾਂ ਹੋਈਆਂ ਹਨ। ਉਨ੍ਹਾਂ ਦੇ ਟਿਕਾਣਿਆਂ ਤੋਂ ਵੱਡੀ ਮਾਤਰਾ ’ਚ ਧਮਾਕਾਖੇਜ਼ ਸਮੱਗਰੀ ਅਤੇ ਹਥਿਆਰ ਵੀ ਬਰਾਮਦ ਹੋਏ ਹਨ।