ਐਮਾਜ਼ੋਨ ਕੰਪਨੀ ਵੱਲੋਂ ਵੇਚੇ ਜਾ ਰਹੇ ਇਕ ਉਤਪਾਦ ’ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੇ ਜਾਣ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਕੀਤਾ ਹੈ ਪਰ ਕੰਪਨੀ ਵੱਲੋਂ ਹੁਣ ਤਕ ਇਸ ਇਤਰਾਜ਼ ਬਾਰੇ ਸ਼੍ਰੋਮਣੀ ਕਮੇਟੀ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ। ਜਦੋਂਕਿ ਮੀਡੀਆ ਨੂੰ ਭੇਜੇ ਇਕ ਬੇਨਾਮੀ ਬਿਆਨ ਵਿੱਚ ਕੰਪਨੀ ਨੇ ਆਖਿਆ ਹੈ ਕਿ ਇਨ੍ਹਾਂ ਇਤਰਾਜ਼ਯੋਗ ਉਤਪਾਦਾਂ ਨੂੰ ਬਾਜ਼ਾਰ ਵਿਚੋਂ ਵਾਪਸ ਲੈਣ ਦਾ ਕੰਮ ਜਾਰੀ ਹੈ। ਇਸੇ ਦੌਰਾਨ ਅੱਜ ਇੱਥੇ ਸਿੱਖ ਜਥੇਬੰਦੀ ਦੇ ਕਾਰਕੁਨਾਂ ਨੇ ਐਮਾਜ਼ੋਨ ਕੰਪਨੀ ਦੇ ਇਕ ਦਫਤਰ ਦੇ ਬਾਹਰ ਰੋਸ ਵਿਖਾਵਾ ਕਰਦਿਆਂ ਇਸ ਦਫਤਰ ਨੂੰ ਬੰਦ ਕਰਵਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਉਠਾਏ ਗਏ ਇਤਰਾਜ਼ ਦਾ ਐਮਾਜ਼ੋਨ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਸ਼੍ਰੋਮਣੀ ਕਮੇਟੀ ਨੇ ਈ ਮੇਲ ਰਾਹੀਂ ਇਕ ਹੋਰ ਪੱਤਰ ਕੰਪਨੀ ਨੂੰ ਭੇਜਿਆ ਹੈ। ਇਸ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਕੰਪਨੀ ਨੇ ਕਾਨੂੰਨੀ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਹੈ। ਇਸ ਲਈ ਇਕ ਹੋਰ ਪੱਤਰ ਭੇਜ ਕੇ ਕੰਪਨੀ ਨੂੰ ਤੁਰੰਤ ਕਾਰਵਾਈ ਲਈ ਆਖਿਆ ਗਿਆ ਹੈ। ਇਸ ਦੌਰਾਨ ਐਮਾਜ਼ੋਨ ਕੰਪਨੀ ਵੱਲੋਂ ਇਕ ਜਨ ਸੰਪਰਕ ਕੰਪਨੀ ਰਾਹੀਂ ਮੀਡੀਆ ਨੂੰ ਬਿਆਨ ਭੇਜਿਆ ਗਿਆ ਹੈ, ਜਿਸ ਵਿੱਚ ਆਖਿਆ ਗਿਆ ਹੈ ਕਿ ਕੰਪਨੀ ਇਨ੍ਹਾਂ ਉਤਪਾਦਾਂ ਨੂੰ ਹਟਾਉਣ ਲਈ ਕੰਮ ਕਰ ਰਹੀ ਹੈ। ਇਹ ਬਿਆਨ ਕੰਪਨੀ ਦੇ ਕਿਸੇ ਲੈਟਰ ਹੈੱਡ ਜਾਂ ਕਿਸੇ ਅਧਿਕਾਰੀ ਦੇ ਨਾਂ ਹੇਠ ਨਹੀਂ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਬੇਦੀ ਨੇ ਆਖਿਆ ਕਿ ਇਸ ਤਰ੍ਹਾਂ ਦੀ ਗੁੰਮਨਾਮ ਬਿਆਨਬਾਜ਼ੀ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦਾ ਕੋਈ ਵੀ ਈ-ਮੇਲ ਬਿਆਨ ਸ਼੍ਰੋਮਣੀ ਕਮੇਟੀ ਕੋਲ ਨਹੀਂ ਪੁੱਜਿਆ ਹੈ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਜੇਐੱਸ ਵਾਲੀਆ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਸ਼ਿਕਾਇਤ ਨੂੰ ਪੁਲੀਸ ਦੇ ਚੰਡੀਗੜ੍ਹ ਸਥਿਤ ਕਰਾਈਮ ਵਿੰਗ ਨੂੰ ਅਗਲੀ ਕਾਰਵਾਈ ਲਈ ਭੇਜਿਆ ਗਿਆ ਹੈ। ਇਸ ਦੌਰਾਨ ਸਿੱਖ ਜਥੇਬੰਦੀ ਸਿਰਲੱਥ ਖਾਲਸਾ ਵੱਲੋਂ ਐਮਾਜ਼ੋਨ ਕੰਪਨੀ ਦੇ ਟਰਾਂਸਪੋਟੇਸ਼ਨ ਸਰਵਿਸ ਪ੍ਰਾਈਵੇਟ ਲਿਮਟਿਡ ਨਾਂ ਦੇ ਨਿਊ ਅੰਮ੍ਰਿਤਸਰ ਸਥਿਤ ਦਫਤਰ ਦੇ ਬਾਹਰ ਰੋਸ ਵਿਖਾਵਾ ਕਰਦਿਆਂ ਇਸ ਦਫਤਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਜਥੇਬੰਦੀ ਦੇ ਆਗੂ ਦਿਲਬਾਗ ਸਿੰਘ ਅਤੇ ਪਰਮਜੀਤ ਸਿੰਘ ਅਕਾਲੀ ਨੇ ਆਖਿਆ ਕਿ ਕੰਪਨੀ ਵਲੋਂ ਟਾਇਲਟ ਸੀਟ ਤੇ ਗੁਰੂ ਘਰ ਦੀ ਤਸਵੀਰ ਛਾਪਣ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਜਦੋਂ ਤਕ ਕੰਪਨੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦੀ, ਉਸ ਦਾ ਇਹ ਸਥਾਨਕ ਦਫਤਰ ਖੁੱਲ੍ਹਣ ਨਹੀਂ ਦਿੱਤਾ ਜਾਵੇਗਾ।
INDIA ਸ਼੍ਰੋਮਣੀ ਕਮੇਟੀ ਦੇ ਇਤਰਾਜ਼ ਦਾ ਐਮਾਜ਼ੋਨ ਨੇ ਨਾ ਦਿੱਤਾ ਕੋਈ ਜਵਾਬ