ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿਚ ਬਾਗ਼ੀਆਂ ਤੇ ਸੁਰੱਖਿਆ ਦਸਤਿਆਂ ਦਰਮਿਆਨ ਹੋਏ ਮੁਕਾਬਲੇ ਵਿਚ ਛੇ ਅਤਿਵਾਦੀ ਤੇ ਇਕ ਸੁਰੱਖਿਆ ਕਰਮੀ ਮਾਰੇ ਗਏ। ਰੱਖਿਆ ਤਰਜਮਾਨ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਪਿੰਡ ਹਿਪੁਰਾ ਬਾਟਾਗੁੰਡ ਵਿਚ ਹੋਏ ਮੁਕਾਬਲੇ ਵਿਚ ਛੇ ਅਤਿਵਾਦੀ ਮਾਰੇ ਗਏ। ਮੁਕਾਬਲੇ ਤੋਂ ਬਾਅਦ ਇਲਾਕੇ ਵਿਚ ਨੌਜਵਾਨਾਂ ਤੇ ਸੁਰੱਖਿਆ ਕਰਮੀਆਂ ਵਿਚਕਾਰ ਵੱਡੇ ਪੱਧਰ ’ਤੇ ਝੜਪਾਂ ਹੋਈਆਂ ਜਿਨ੍ਹਾਂ ਵਿਚ ਇਕ ਆਮ ਨਾਗਰਿਕ ਮਾਰਿਆ ਗਿਆ ਤੇ ਚਾਰ ਹੋਰ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਅਪਰੇਸ਼ਨ ਦੇ ਵੇਰਵੇ ਦਿੰਦਿਆਂ ਕਿਹਾ ਕਿ ਸੁਰੱਖਿਆ ਦਸਤਿਆਂ ਨੇ ਕੋਈ ਸੂਹ ਮਿਲਣ ਤੋਂ ਬਾਅਦ ਕਰੀਬ ਅੱਧੀ ਰਾਤੀਂ ਪਿੰਡ ਹਿਪੁਰਾ ਬਾਟਾਗੁੰਡ ਵਿਚ ਤਲਾਸ਼ੀਆਂਂ ਤੇ ਘੇਰਾਬੰਦੀ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਜਦੋਂ ਤਲਾਸ਼ੀਆਂ ਚੱਲ ਰਹੀਆਂ ਸਨ ਤਾਂ ਅਤਿਵਾਦੀਆਂ ਨੇ ਸਰਚ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ ਤੇ ਸੁਰੱਖਿਆ ਦਸਤਿਆਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਅਧਿਕਾਰੀ ਨੇ ਦੱਸਿਆ ‘‘ ਸ਼ੁਰੂ ਵਿਚ 34 ਆਰਆਰ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਕੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਇਸੇ ਬਟਾਲੀਅਨ ਦਾ ਇਕ ਹੋਰ ਜਵਾਨ ਨਜ਼ੀਰ ਅਹਿਮਦ ਮਗਰਲੇ ਪੜਾਅ ’ਤੇ ਜ਼ਖ਼ਮੀ ਹੋ ਗਿਆ ਤੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਾ ਹੋਇਆ ਦਮ ਤੋੜ ਗਿਆ।’’ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੁਕਾਬਲੇ ਵਾਲੀ ਥਾਂ ਤੋਂ ਭਾਰੀ ਮਾਤਰਾ ’ਚ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਹੋਇਆ ਹੈ। ਦੁਵੱਲੀ ਗੋਲੀਬਾਰੀ ਦੌਰਾਨ ਪੰਜ ਸਿਵਲੀਅਨ ਵੀ ਜ਼ਖ਼ਮੀ ਹੋ ਗਏ। ਸ਼ੋਪੀਆਂ ਤੇ ਕੁਲਗਾਮ ਜ਼ਿਲਿਆਂ ਵਿਚ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ।
INDIA ਸ਼ੋਪੀਆਂ ਮੁਕਾਬਲੇ ਵਿਚ ਛੇ ਅਤਿਵਾਦੀ ਤੇ ਇਕ ਜਵਾਨ ਹਲਾਕ