ਸ਼ਿਵ ਸੈਨਾ ਨੇ ਭਾਜਪਾ ਨੂੰ ਰਾਮ ਮੰਦਰ ’ਤੇ ਆਰਡੀਨੈਂਸ ਲਿਆਉਣ ਲਈ ਕਿਹਾ

ਸ਼ਿਵ ਸੈਨਾ ਨੇ ਭਾਜਪਾ ਨੂੰ ਕਿਹਾ ਹੈ ਕਿ ਉਹ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਲਈ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਆਰਡੀਨੈਂਸ ਲੈ ਕੇ ਆਏ। ਉਹ ਮੰਦਰ ਦੀ ਤੁਰੰਤ ਉਸਾਰੀ ਵਾਲੇ ਪੋਸਟਰ ਲੋਕ ਸਭਾ ਅੰਦਰ ਲੈ ਕੇ ਆਏ ਹੋਏ ਸਨ। ਸ਼ਿਵ ਸੈਨਾ ਆਗੂ ਆਨੰਦਰਾਓ ਅਦਸੁਲ ਨੇ ਕਿਹਾ ਕਿ ਭਾਜਪਾ ਰਾਮ ਮੰਦਰ ਦੀ ਉਸਾਰੀ ਦਾ ਵਾਅਦਾ ਕਰਕੇ ਸੱਤਾ ’ਚ ਆਈ ਸੀ ਅਤੇ ਹੁਣ ਉਸ ਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਨੇ ਦੱਸਿਆ ਕਿ ਕੇਂਦਰ ਸਰਕਾਰ ’ਤੇ ਮਾਲੀ ਸੰਕਟ ਨਾਲ ਜੂਝ ਰਹੀ ਏਅਰ ਇੰਡੀਆ ਦੇ 1000.62 ਕਰੋੜ ਰੁਪਏ ਬਕਾਇਆ ਪਏ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼, ਰੱਖਿਆ ਅਤੇ ਗ੍ਰਹਿ ਮੰਤਰਾਲਿਆਂ ਨੇ ਇਹ ਰਾਸ਼ੀ ਅਦਾ ਕਰਨੀ ਹੈ। 27 ਹਵਾਈ ਅੱਡਿਆਂ ’ਤੇ ਨਾ ਕੋਈ ਜਹਾਜ਼ ਆਇਆ ਤੇ ਨਾ ਕੋਈ ਉੱਡਿਆ: ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਨੇ ਕਿਹਾ ਕਿ ਮੁਲਕ ਦੇ 27 ਹਵਾਈ ਅੱਡਿਆਂ ’ਤੇ ਪਿਛਲੇ ਵਿੱਤੀ ਵਰ੍ਹੇ ਦੌਰਾਨ ਮੁਰੰਮਤ ਕਾਰਨ ਢਾਈ ਕਰੋੜ ਰੁਪਏ ਖ਼ਰਚ ਕੀਤੇ ਗਏ। ਇਸ ਵਕਫ਼ੇ ਦੌਰਾਨ ਨਾ ਤਾਂ ਕੋਈ ਜਹਾਜ਼ ਉਥੇ ਆਇਆ ਅਤੇ ਨਾ ਹੀ ਉਥੋਂ ਕਿਤੇ ਬਾਹਰ ਗਿਆ। 181 ਪਾਇਲਟ ਸ਼ਰਾਬ ਦੇ ਨਸ਼ੇ ’ਚ ਮਿਲੇ: ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਨੇ ਕਿਹਾ ਕਿ 2015-18 ਦੌਰਾਨ 181 ਪਾਇਲਟ ਸ਼ਰਾਬ ਦੇ ਨਸ਼ੇ ’ਚ ਮਿਲੇ। ਉਨ੍ਹਾਂ ਕਿਹਾ ਕਿ ਨਵੰਬਰ ’ਚ ਏਅਰ ਇੰਡੀਆ ਦੇ ਕੈਪਟਨ ਅਰਵਿੰਦ ਕਠਪਾਲੀਆ ਦਾ ਲਾਇਸੈਂਸ ਤਿੰਨ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਹੜ੍ਹਾਂ ਨਾਲ 85 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ: ਜਲ ਸਰੋਤਾਂ ਬਾਰੇ ਰਾਜ ਮੰਤਰੀ ਅਰਜੁਨ ਮੇਘਵਾਲ ਨੇ ਲਿਖਤੀ ਜਵਾਬ ’ਚ ਕਿਹਾ ਕਿ 2015-17 ਦੌਰਾਨ ਹੜ੍ਹਾਂ ਕਾਰਨ ਇਕ ਅਰਬ ਲੋਕ ਪ੍ਰਭਾਵਿਤ ਹੋਏ ਅਤੇ 85,673 ਕਰੋੜ ਰੁਪਏ ਦਾ ਨੁਕਸਾਨ ਹੋਇਆ। ਹੜ੍ਹਾਂ ਕਾਰਨ 4902 ਵਿਅਕਤੀ ਅਤੇ 82146 ਪਸ਼ੂ ਮਾਰੇ ਗਏ। 19 ਲੋਹ ਖਣਿਜ ਖਾਣਾਂ ਦੀ ਬੋਲੀ: ਖਾਣਾਂ ਬਾਰੇ ਰਾਜ ਮੰਤਰੀ ਹਰੀਭਾਈ ਪਾਰਥੀਭਾਈ ਚੌਧਰੀ ਨੈ ਕਿਹਾ ਹੈ ਕਿ ਹੁਣ ਤਕ 581.5 ਮਿਲੀਅਨ ਟਨ ਭੰਡਾਰ ਵਾਲੀਆਂ 19 ਲੋਹ ਖਣਿਜ ਖਾਣਾਂ ਦੀ ਬੋਲੀ ਲਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉੜੀਸਾ ਦੀਆਂ ਦੋ ਖਾਣਾਂ ਦੀ ਵੀ ਬੋਲੀ ਲਾਈ ਜਾਰੀ ਹੈ। ਜ਼ਮੀਨ ਐਕੁਆਇਰ ਨਾ ਹੋਣ ਕਰਕੇ 435 ਪ੍ਰਾਜੈਕਟ ਰੁਕੇ: ਸੜਕ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਰਾਜ ਮੰਤਰੀ ਮਨਸੁਖ ਲਾਲ ਮਾਂਡਵੀਆ ਨੇ ਦੱਸਿਆ ਕਿ ਮੁਲਕ ’ਚ ਜ਼ਮੀਨ ਐਕੁਆਇਰ ’ਚ ਦੇਰੀ ਅਤੇ ਹੋਰ ਕਾਰਨਾਂ ਕਰਕੇ 435 ਪ੍ਰਾਜੈਕਟ ਰੁਕ ਗਏ ਹਨ। ਇਨ੍ਹਾਂ ’ਚ ਰਾਜਮਾਰਗਾਂ ਦੀ ਉਸਾਰੀ ਆਦਿ ਜਿਹੇ ਪ੍ਰਾਜੈਕਟ ਵੀ ਸ਼ਾਮਲ ਹਨ।