ਸ਼ਿਕਾਇਤਕਰਤਾ ਦੇ ‘ਦੋਗਲੇ’ ਕਿਰਦਾਰ ਵਾਲੀ ਵੀਡੀਓ ਵਾਇਰਲ

ਰੇਲ ਹਾਦਸੇ ਲਈ ਡਾ. ਨਵਜੋਤ ਕੌਰ ਸਿੱਧੂ ਅਤੇ ਦਸਹਿਰਾ ਸਮਾਗਮ ਦੇ ਪ੍ਰਬੰਧਕ ਮਿੱਠੂ ਮਦਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਣ ਵਾਲੇ ਲਖਬੀਰ ਸਿੰਘ ਦੀਆਂ ਦੋ ਵੀਡੀਓਜ਼ ਅੱਜ ਇਥੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਦੂਜੇ ਪਾਸੇ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਕਾਂਗਰਸ ਇਸ ਮਾਮਲੇ ਨੂੰ ਲੈ ਕੇ ਇਕ-ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਕਰ ਰਹੀਆਂ ਹਨ ਅਤੇ ਰੇਲ ਹਾਦਸਾ ਸਿਆਸੀ ਵਿਵਾਦ ਦਾ ਮੁੱਦਾ ਬਣ ਗਿਆ ਹੈ।
ਭਾਵੇਂ ਹਾਦਸੇ ਵਾਲੇ ਦਿਨ ਤੋਂ ਹੀ ਅਕਾਲੀ ਭਾਜਪਾ ਗੱਠਜੋੜ ਦੇ ਆਗੂਆਂ ਵੱਲੋਂ ਰੇਲ ਹਾਦਸੇ ਵਾਸਤੇ ਸਿੱਧੂ ਪਰਿਵਾਰ ਨੂੰ ਕਸੂਰਵਾਰ ਮੰਨਿਆ ਜਾ ਰਿਹਾ ਹੈ ਪਰ ਹੁਣ ਇਹ ਮਾਮਲਾ ਭਖ਼ਣ ਲਗ ਪਿਆ ਹੈ। ਅੱਜ ਇਥੇ ਇਕ ਵਿਅਕਤੀ ਲਖਬੀਰ ਸਿੰਘ ਦੀਆਂ ਦੋ ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਇਕ ਵੀਡਿਓ ’ਚ ਸ਼ਿਕਾਇਤਕਰਤਾ ਡਾ. ਨਵਜੋਤ ਕੌਰ ਸਿੱਧੂ ਨਾਲ ਗੱਲਬਾਤ ਕਰਦਿਆਂ ਰੇਲ ਗੱਡੀ ਦੇ ਚਾਲਕ ਨੂੰ ਜ਼ਿੰਮੇਵਾਰ ਠਹਿਰਾਅ ਰਿਹਾ ਹੈ। ਜਦੋਂਕਿ ਦੂਜੀ ਵੀਡਿਓ ’ਚ ਉਹ ਆਖ ਰਿਹਾ ਹੈ ਕਿ ਡਾ. ਨਵਜੋਤ ਕੌਰ ਸਿੱਧੂ ਦੀ ਲੰਮੀ ਉਡੀਕ ਕਾਰਨ ਇਹ ਰੇਲ ਹਾਦਸਾ ਵਾਪਰਿਆ ਹੈ।
ਅੱਜ ਇਥੇ ਪੂਰਬੀ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਕੌਂਸਲਰਾਂ ਅਜੀਤ ਸਿੰਘ ਭਾਟੀਆ, ਜਤਿੰਦਰ ਸਿੰਘ ਮੋਤੀ ਭਾਟੀਆ ਤੇ ਹੋਰਨਾਂ ਨੇ ਦੋਸ਼ ਲਾਇਆ ਕਿ ਲਖਬੀਰ ਸਿੰਘ ਨੂੰ ਕਥਿਤ ਲਾਲਚ ਦੇ ਕੇ ਅਕਾਲੀ ਭਾਜਪਾ ਗੱਠਜੋੜ ਦੇ ਆਗੂਆਂ ਵੱਲੋਂ ਉਸ ਦੇ ਬਿਆਨ ਬਦਲਾਏ ਗਏ ਹਨ। ਉਨ੍ਹਾਂ ਆਖਿਆ ਕਿ ਸ਼ਿਕਾਇਤਕਰਤਾ ਦਾ ਭਰਾ ਰਣਜੀਤ ਸਿੰਘ ਗੋਲਡੀ ਵਾਰਡ ਨੰਬਰ 30 ਤੋਂ ਭਾਜਪਾ ਦਾ ਉਮੀਦਵਾਰ ਰਹਿ ਚੁੱਕਾ ਹੈ, ਜਿਸ ਉਪਰ ਸਿਆਸੀ ਦਬਾਅ ਪਾ ਕੇ ਸ਼ਿਕਾਇਤ ਦਰਜ ਕਰਾਈ ਗਈ ਹੈ। ਕਾਂਗਰਸੀ ਕੌਂਸਲਰਾਂ ਨੇ ਰੇਲ ਹਾਦਸੇ ਲਈ ਰੇਲ ਵਿਭਾਗ ਨੂੰ ਕਸੂਰਵਾਰ ਦੱਸਿਆ। ਉਨ੍ਹਾਂ ਨੇ ਪ੍ਰਬੰਧਕ ਮਿੱਠੂ ਮਦਾਨ ਨੂੰ ਬਚਾਉਣ ਦਾ ਵੀ ਯਤਨ ਕੀਤਾ ਹੈ। ਨਵਜੋਤ ਸਿੰਘ ਸਿੱਧੂ ਨੇ ਬਿਕਰਮ ਸਿੰਘ ਮਜੀਠੀਆ ’ਤੇ ਦੋਸ਼ ਲਾਇਆ ਕਿ ਉਹ ਲਾਸ਼ਾਂ ’ਤੇ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਵੱਲੋਂ ਸ਼ਿਕਾਇਤ ਕਰਾਈ ਗਈ ਹੈ, ਉਹ ਕੁਝ ਘੰਟਿਆਂ ਵਿਚ ਹੀ ਆਪਣੇ ਬਿਆਨ ਤੋਂ ਬਦਲ ਗਿਆ ਹੈ।