ਸ਼ਹੀਦ ਲਾਂਸ ਨਾਇਕ ਨੂੰ ਮਿਲੇਗਾ ਅਸ਼ੋਕ ਚੱਕਰ

Lance Naik Nazir Ahmad Wani

ਪਿਛਲੇ ਸਾਲ ਨਵੰਬਰ ਵਿੱਚ ਕਸ਼ਮੀਰ ਦੇ ਸ਼ੋਪੀਆਂ ’ਚ ਦਹਿਸ਼ਤਗਰਦਾਂ ਖ਼ਿਲਾਫ਼ ਵਿੱਢੇ ਅਪਰੇਸ਼ਨ ਦੌਰਾਨ ਸ਼ਹੀਦ ਹੋਏ ਲਾਂਸ ਨਾਇਕ ਨਜ਼ੀਰ ਅਹਿਮਦ ਵਾਨੀ ਨੂੰ ਭਾਰਤ ਦਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਅਸ਼ੋਕ ਚੱਕਰ ਦਿੱਤਾ ਜਾਵੇਗਾ। ਕੁਲਗਾਮ ਦੇ ਆਸ਼ਮੁਜੀ ਦਾ ਵਾਸੀ ਵਾਨੀ (38), ਪਹਿਲਾਂ ਇਕ ਦਹਿਸ਼ਤਗਰਦ ਸੀ, ਪਰ ਮਗਰੋਂ ਉਹ ਮੁੱਖ ਧਾਰਾ ’ਚ ਸ਼ਾਮਲ ਹੋ ਗਿਆ। ਉਹ ਸਾਲ 2004 ਵਿੱਚ ਫ਼ੌਜ ’ਚ ਭਰਤੀ ਹੋਇਆ ਸੀ। ਅਧਿਕਾਰੀਆਂ ਮੁਤਾਬਕ ਵਾਨੀ ਦੱਖਣੀ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਖਿਲਾਫ਼ ਕੀਤੇ ਕਈ ਅਪਰੇਸ਼ਨਾਂ ਵਿੱਚ ਸ਼ਾਮਲ ਰਿਹਾ ਸੀ। ਵਾਨੀ ਨੂੰ ਇਸ ਤੋਂ ਪਹਿਲਾਂ ਦਹਿਸ਼ਤਗਰਦਾਂ ਦੇ ਟਾਕਰੇ ਦੌਰਾਨ ਵਿਖਾਏ ਅਜਿੱਤ ਜੋਸ਼ ਲਈ ਸੇਨਾ ਮੈਡਲ ਦੇ ਐਜਾਜ਼ ਨਾਲ ਵੀ ਸਨਮਾਨਿਆ ਗਿਆ ਸੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਸ਼ਹੀਦ ਦੀ ਪਤਨੀ ਮਹਿਜਬੀਨ ਨੂੰ ਇਹ ਸ਼ਾਨਾਮੱਤਾ ਐਜਾਜ਼ ਗਣਤੰਤਰ ਦਿਵਸ ਮੌਕੇ ਦੇਣਗੇ। ਮਹਿਜਬੀਨ ਅਧਿਆਪਕਾ ਹੈ ਤੇ ਉਸ ਦੇ ਦੋ ਬਾਲਗ ਪੁੱਤਰ ਹਨ।