ਸ਼ਹਿਰੀ ਮਾਓਵਾਦੀਆਂ ਦੀ ਹਮਾਇਤ ਕਰਦੀ ਹੈ ਕਾਂਗਰਸ: ਮੋਦੀ

ਛੱਤੀਸਗੜ੍ਹ ’ਚ ਇਸ ਮਹੀਨੇ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੂਬੇ ’ਚ ਪਹਿਲੀ ਚੋਣ ਰੈਲੀ ਕਰਦਿਆਂ ਕਿਹਾ ਕਿ ਕਾਂਗਰਸ ਸ਼ਹਿਰੀ ਮਾਓਵਾਦੀਆਂ ਦੀ ਹਮਾਇਤ ਕਰ ਰਹੀ ਹੈ ਜੋ ਗਰੀਬ ਆਦਿਵਾਸੀ ਨੌਜਵਾਨਾਂ ਦਾ ਜੀਵਨ ਬਰਬਾਦ ਕਰਦੇ ਹਨ।
ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਕਬਾਇਲੀ ਸੱਭਿਆਚਾਰ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ, ‘ਇੱਕ ਵਾਰ ਮੈਂ ਉੱਤਰ-ਪੂਰਬੀ ਭਾਰਤ ’ਚ ਰੈਲੀ ਲਈ ਗਿਆ ਤੇ ਉਥੋਂ ਦੇ ਲੋਕਾਂ ਦੀ ਰਵਾਇਤੀ ਟੋਪੀ ਪਹਿਨ ਲਈ, ਪਰ ਕਾਂਗਰਸ ਆਗੂਆਂ ਨੇ ਇਸ ਦਾ ਮਜ਼ਾਕ ਉਡਾਇਆ। ਇਹ ਕਬਾਇਲੀ ਸੱਭਿਆਚਾਰ ਦੀ ਬੇਇੱਜ਼ਤੀ ਹੈ।’ ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਟਿਕ ਕੇ ਨਹੀਂ ਬੈਠਣਗੇ ਜਦੋਂ ਤੱਕ ਅਟਲ ਬਿਹਾਰੀ ਵਾਜਪਈ ਦਾ ਛੱਤੀਸਗੜ੍ਹ ਨੂੰ ਖੁਸ਼ਹਾਲ ਬਣਾਉਣ ਦਾ ਸੁਫ਼ਨਾ ਪੂਰਾ ਨਹੀਂ ਕਰ ਦਿੰਦੇ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਹਿਰੀ ਮਾਓਵਾਦੀ ਏਅਰ ਕੰਡੀਸ਼ਨਡ ਘਰਾਂ ’ਚ ਰਹਿੰਦੇ ਹਨ ਤੇ ਉਨ੍ਹਾਂ ਦੇ ਬੱਚੇ ਵਿਦੇਸ਼ਾਂ ’ਚ ਪੜ੍ਹਦੇ ਹਨ ਅਤੇ ਉਹ ਆਦਿਵਾਸੀਆਂ ਦੇ ਬੱਚਿਆਂ ਨੂੰ ਗੁਮਰਾਹ ਕਰਦੇ ਹਨ। ਉਨ੍ਹਾਂ ਕਾਂਗਰਸ ਨੂੰ ਕਿਹਾ ਕਿ ਉਸ ਦੇ ਆਗੂਆਂ ਨੂੰ ਬਸਤਰ ਤੇ ਹੋਰ ਨਕਸਲ ਪ੍ਰਭਾਵਿਤ ਇਲਾਕਿਆਂ ’ਚ ਜਾ ਕੇ ਨਕਸਲੀਆਂ ਖ਼ਿਲਾਫ਼ ਬੋਲਣਾ ਚਾਹੀਦਾ ਹੈ।
ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਮਾਓਵਾਦੀਆਂ ਵੱਲੋਂ ਕਤਲ ਕੀਤੇ ਗਏ ਦੂਰਦਰਸ਼ਨ ਦੇ ਪੱਤਰ ਅਛੂਤਾਨੰਦ ਸਾਹੂ ਨੂੰ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ। ਸਾਹੂ ਤੇ ਦੋ ਸੁਰੱਖਿਆ ਕਰਮੀ 30 ਅਕਤੂਬਰ ਨੂੰ ਦਾਂਤੇਵਾੜਾ ਜ਼ਿਲ੍ਹੇ ’ਚ ਹੋਏ ਨਕਸਲੀ ਹਮਲੇ ’ਚ ਮਾਰੇ ਗਏ ਸੀ।
ਖੱਬੀਆਂ ਪਾਰਟੀਆਂ ਵੱਲੋਂ ਮੋਦੀ ਦੇ ਬਿਆਨ ਦੀ ਨਿੰਦਾ: ਨਵੀਂ ਦਿੱਲੀ: ਖੱਬੀਆਂ ਪਾਰਟੀਆਂ ਨੇ ਅੱਜ ਪ੍ਰਧਾਨ ਮੰਤਰੀ ਵੱਲੋਂ ਚੋਣ ਰੈਲੀ ਦੌਰਾਨ ‘ਸ਼ਹਿਰੀ ਮਾਓਵਾਦੀਆਂ’ ਬਾਰੇ ਦਿੱਤੇ ਬਿਆਨ ਦੀ ਸਖਤ ਨਿੰਦਾ ਕੀਤੀ ਹੈ। ਸੀਪੀਆਈ (ਐੱਮ) ਆਗੂ ਬਰਿੰਦਾ ਕਰਤ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਆਪਣੀਆਂ ਨੀਤੀਆਂ ਦਾ ਵਿਰੋਧ ਬਰਦਾਸ਼ਤ ਨਹੀਂ ਕਰ ਸਕਦੀ ਤੇ ਜੋ ਉਨ੍ਹਾਂ ਦਾ ਵਿਰੋਧ ਕਰਦਾ ਹੈ ਉਸ ਨੂੰ ਦੇਸ਼ ਧਰੋਹੀ ਜਾਂ ਸ਼ਹਿਰੀ ਮਾਓਵਾਦੀ ਕਿਹਾ ਜਾਂਦਾ ਹੈ। ਸੀਪੀਆਈ ਦੇ ਕੌਮੀ ਸਕੱਤਰ ਡੀ ਰਾਜਾ ਨੇ ਵੀ ਮੋਦੀ ਦੇ ਬਿਆਨ ਦੀ ਨਿੰਦਾ ਕੀਤਾ।