ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਸੰਭਵ ਨਹੀਂ: ਅਰੋੜਾ

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਕਿਹਾ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਨੂੰ ਸਿਆਸੀ ਭਾਸ਼ਣਾਂ ਦੌਰਾਨ ‘ਫੁਟਬਾਲ ਵਾਂਗ ਜਿਸ ਤਰ੍ਹਾਂ ਉਛਾਲਿਆ ਜਾਂਦਾ’ ਹੈ, ਉਸ ਤੋਂ ਉਨ੍ਹਾਂ ਨੂੰ ਦੁੱਖ ਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਈਵੀਐਮਜ਼, ਛੇੜਛਾੜ ਤੋਂ ਪੂਰੀ ਤਰ੍ਹਾਂ ਮੁਕਤ ਹਨ। ਉਨ੍ਹਾਂ ਕਿਹਾ ਕਿ ਵੋਟਿੰਗ ਮਸ਼ੀਨਾਂ ’ਚ ਨੁਕਸ ਪੈਣ ਦੀਆਂ ਜਿਹੜੀਆਂ ਇਕਾ ਦੁੱਕਾ ਘਟਨਾਵਾਂ ਵਾਪਰੀਆਂ ਹਨ, ਚੋਣ ਕਮਿਸ਼ਨ ਇਨ੍ਹਾਂ ਘਟਾਉਣ ਲਈ ਪੂਰਾ ਜ਼ੋਰ ਲਾ ਰਿਹਾ ਹੈ।
ਇਥੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਸ੍ਰੀ ਅਰੋੜਾ ਨੇ ਕਿਹਾ, ‘ਅਜੇ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਾਂ। ਅਸੀਂ ਇਹ ਯਕੀਨੀ ਬਣਾਉਣ ਦੀ ਦਿਸ਼ਾ ਵੱਲ ਕੰਮ ਕਰ ਰਹੇ ਹਾਂ ਕਿ ਮਸ਼ੀਨਾਂ ’ਚ ਨੁਕਸ ਦੀਆਂ ਇੱਕਾ ਦੁੱਕਾ ਘਟਨਾਵਾਂ ਨੂੰ ਖ਼ਤਮ ਕੀਤਾ ਜਾਵੇ।’ ਸਾਬਕਾ ਨੌਕਰਸ਼ਾਹ ਸ੍ਰੀ ਅਰੋੜਾ ਨੂੰ 31 ਅਗਸਤ 2017 ਨੂੰ ਚੋਣ ਕਮਿਸ਼ਨਰ ਥਾਪਿਆ ਗਿਆ ਸੀ ਤੇ ਉਨ੍ਹਾਂ ਨੂੰ ਪਹਿਲੀ ਦਸੰਬਰ ਨੂੰ ਸੇਵਾ ਮੁਕਤ ਹੋਏ ਓਮ ਪ੍ਰਕਾਸ਼ ਰਾਵਤ ਦੀ ਥਾਂ ਮੁੱਖ ਚੋਣ ਕਮਿਸ਼ਨਰ ਲਾਇਆ ਗਿਆ ਹੈ। ਸ੍ਰੀ ਅਰੋੜਾ ਨੇ ਕਿਹਾ ਈਵੀਐਮਜ਼ ਨਾਲ ਛੇੜਛਾੜ ਤੇ ਨੁਕਸ, ਦੋ ਵੱਖਰੀਆਂ ਚੀਜ਼ਾਂ ਹਨ। ਉਨ੍ਹਾਂ ਕਿਹਾ ਕਿ ਛੇੜਛਾੜ ਜਿੱਥੇ ਮਾੜੇ ਇਰਾਦੇ ਨੂੰ ਦਰਸਾਉਂਦੀ ਹੈ, ਉਥੇ ਨੁਕਸ ਕਦੇ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਲੀਆ ਪੰਜ ਰਾਜਾਂ ਵਿੱਚ ਹੋਈਆਂ ਚੋਣਾਂ ਦੌਰਾਨ 1.76 ਲੱਖ ਬੂਥ ਸਥਾਪਤ ਕੀਤੇ ਗਏ ਸਨ, ਪਰ ਇਸ ਦੌਰਾਨ ਇਕ ਫੀਸਦ ਤੋਂ ਵੀ ਘੱਟ ਈਵੀਐਮਜ਼ ’ਚ ਨੁਕਸ ਪਿਆ। ਇਸ ਫੀਸਦ ਨੂੰ ਹੋਰ ਘਟਾਉਣਾ ਯਕੀਨੀ ਬਣਾਇਆ ਜਾਵੇਗਾ। ਸ੍ਰੀ ਅਰੋੜਾ ਨੇ ਕਿਹਾ ਕਿ ਇਹ ਚੋਣ ਕਮਿਸ਼ਨ ਦਾ ਹੀ ਸਟੈਂਡ ਸੀ ਕਿ ਮੁਲਕ ਨੂੰ ਮੁੜ ਬੈਲਟ ਪੇਪਰ ਦੇ ਦੌਰ ’ਚ ਨਹੀਂ ਧੱਕਿਆ ਜਾਵੇਗਾ।