ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ

ਪੰਜਾਬ ਵਿਧਾਨ ਸਭਾ ਦੇ ਅੱਜ ਸ਼ੁਰੂ ਹੋਏ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਅੰਮ੍ਰਿਤਸਰ ਰੇਲ ਦੁਰਘਟਨਾ ਵਿੱਚ ਮਾਰੇ ਗਏ 58 ਵਿਅਕਤੀਆਂ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲ ਵਿੱਚ ਨਿਰੰਕਾਰੀ ਭਵਨ ’ਤੇ ਬੰਬ ਧਮਾਕੇ ਵਿੱਚ ਹਲਾਕ ਹੋਏ ਤਿੰਨ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸੇ ਦੌਰਾਨ ਪਿਛਲੇ ਇਜਲਾਸ ਤੋਂ ਬਾਅਦ ਵਿਛੜੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਵੀ ਯਾਦ ਕੀਤਾ ਗਿਆ। ਸਦਨ ਨੇ ਸੁਤੰਤਰਤਾ ਸੰਗਰਾਮੀਆਂ, ਰਾਜਸੀ ਅਤੇ ਹੋਰ ਨਾਮਵਰ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਛੜੀਆਂ ਰੂਹਾਂ ਦੇ ਸਤਿਕਾਰ ਵਿੱਚ ਦੋ ਮਿੰਟ ਦਾ ਮੌਨ ਰੱਖਿਆ। ਜਿਨ੍ਹਾਂ ਵਿੱਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ, ਉਨ੍ਹਾਂ ਵਿੱਚ ਸਾਬਕਾ ਵਿਧਾਇਕਾਂ ਬਿਸ਼ੰਬਰ ਦਾਸ ਅਤੇ ਰਾਮ ਰਤਨ ਚੌਧਰੀ, ਫੌਜ ਦੀ ਉੱਘੀ ਹਸਤੀ ਅਤੇ ਲੌਂਗੇਵਾਲ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਅਤੇ ਫਰੀਦਕੋਟ ਰਿਆਸਤ ਦੀ ਮਹਾਰਾਣੀ ਦੀਪਇੰਦਰ ਕੌਰ ਸ਼ਾਮਲ ਹਨ। ਸ਼ਰਧਾਂਜਲੀਆਂ ਵਾਲੀ ਸੂਚੀ ਵਿੱਚ ਤਿੰਨ ਸੁਤੰਤਰਤਾ ਸੰਗਰਾਮੀਆਂ ਮੇਲਾ ਸਿੰਘ, ਸੋਹਣ ਸਿੰਘ ਅਤੇ ਸੁਰਜੀਤ ਸਿੰਘ ਦਾ ਨਾਮ ਵੀ ਸ਼ਾਮਲ ਹੈ। ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਸ਼ਰਧਾਂਜਲੀ ਭੇਟ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। ਸਪੀਕਰ ਨੇ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਵੀ ਚੇਤੇ ਕੀਤਾ, ਜਿਨ੍ਹਾਂ ਨੇ ਦਸੰਬਰ, 2001 ਵਿੱਚ ਅੱਜ ਦੇ ਦਿਨ ਅਤਿਵਾਦੀ ਹਮਲੇ ਨੂੰ ਨਾਕਾਮ ਬਣਾਉਂਦਿਆਂ ਸ਼ਹਾਦਤ ਦਿੱਤੀ ਸੀ। ਸਪੀਕਰ ਨੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਵਾਸਤੇ ਆਪਣਾ ਬਲਿਦਾਨ ਦੇਣ ਵਾਲੇ ਫੌਜ ਅਤੇ ਨੀਮ ਫੌਜੀ ਬਲਾਂ ਦੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਬੇਨਤੀ ਨੂੰ ਵੀ ਪ੍ਰਵਾਨ ਕਰ ਲਿਆ। ਇਸ ਤੋਂ ਇਲਾਵਾ ਸਪੀਕਰ ਨੇ ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਥਿੰਦ ਜੋ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਪਿਤਾ ਹਨ, ਦਾ ਨਾਂ ਵੀ ਸੂਚੀ ਵਿੱਚ ਸ਼ਾਮਲ ਕਰਨ ਲਈ ਸਹਿਮਤੀ ਦੇ ਦਿੱਤੀ।