ਵਾਹਨ ਚੋਰ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ

ਲੁਧਿਆਣਾ- ਮੋਟਰਸਾਈਕਲ ਤੇ ਐਕਟਿਵਾ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਥਾਣਾ ਹੈਬੋਵਾਲ ਅਧੀਨ ਆਉਂਦੀ ਚੌਕੀ ਜਗਤਪੁਰੀ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਪਿੰਡ ਜੱਸੀਆਂ ’ਚ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ ਚੋਰੀ ਦੇ ਚਾਰ ਮੋਟਰਸਾਈਕਲ ਤੇ ਚਾਰ ਐਕਟਿਵਾ ਬਰਾਮਦ ਕੀਤੇ ਹਨ। ਪੁਲੀਸ ਨੇ ਇਸ ਮਾਮਲੇ ’ਚ ਹੈਬੋਵਾਲ ਦੇ ਆਸ਼ੀਆਨਾ ਕਲੋਨੀ ਵਾਸੀ ਵਿਨੋਦ ਕੁਮਾਰ ਤੇ ਉਸ ਦੇ ਸਾਥੀ ਊਧਮ ਸਿੰਘ ਉਰਫ਼ ਮਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਗਰੋਹ ਦਾ ਇੱਕ ਮੈਂਬਰ ਸਾਹਿਬ ਸਿੰਘ ਸਾਬਾ ਹਾਲੇ ਫ਼ਰਾਰ ਹੈ। ਪੁਲੀਸ ਨੇ ਦੋਹਾਂ ਮੁਲਜ਼ਮਾਂ ਨੂੰ ਵੀਰਵਾਰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਦੋਹਾਂ ਨੂੰ ਪੁਲੀਸ ਰਿਮਾਂਡ ’ਤੇ ਲੈ ਕੇ ਉਨ੍ਹਾਂ ਦੇ ਫ਼ਰਾਰ ਚੱਲ ਰਹੇ ਸਾਥੀ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲੀਸ ਨੇ ਪਿੰਡ ਜੱਸੀਆ ’ਚ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਮੁਲਜ਼ਮ ਉਥੋਂ ਮੋਟਰਸਾਈਕਲ ’ਤੇ ਜਾ ਰਿਹਾ ਸੀ। ਪੁਲੀਸ ਨੇ ਮੁਲਜ਼ਮ ਨੂੰ ਨਾਕਾਬੰਦੀ ਦੌਰਾਨ ਰੋਕ ਲਿਆ। ਪੁਲੀਸ ਨੇ ਮੁਲਜ਼ਮ ਤੋਂ ਕਾਗਜ਼ਾਂ ਦੀ ਮੰਗ ਕੀਤੀ, ਪਰ ਮੁਲਜ਼ਮ ਕੋਈ ਠੋਸ ਜਵਾਬ ਨਹੀਂ ਦੇ ਸਕਿਆ। ਪੁਲੀਸ ਵੱਲੋਂ ਸਖਤੀ ਨਾਲ ਪੁੱਛਗਿੱਛ ਕਰਨ ’ਤੇ ਪਤਾ ਲੱਗਿਆ ਕਿ ਉਸ ਦੇ ਕੋਲ ਮੋਟਰਸਾਈਕਲ ਚੋਰੀ ਦਾ ਹੈ ਤੇ ਉਸ ਨੇ ਮੋਟਰਸਾਈਕਲ ਚੋਰੀ ਆਪਣੇ ਸਾਥੀ ਊਧਮ ਸਿੰਘ ਮਾਨ ਤੇ ਸਾਬਾ ਦੇ ਨਾਲ ਮਿਲ ਕੇ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਦੇ ਕਬਜ਼ੇ ’ਚੋਂ 8 ਵਾਹਨ ਬਰਾਮਦ ਕੀਤੇ ਹਨ। ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਸਾਰੇ ਵਾਹਨ ਮਹਾਂਨਗਰ ਦੇ ਵੱਖ-ਵੱਖ ਇਲਾਕਿਆਂ ’ਚੋਂ ਚੋਰੀ ਕੀਤੇ ਹਨ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਉਨ੍ਹਾਂ ਦੇ ਫ਼ਰਾਰ ਚੱਲ ਰਹੇ ਸਾਥੀ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ।