ਨਵੀਂ ਦਿੱਲੀ: ਸੀਬੀਆਈ ਡਾਇਰੈਕਟਰ ਆਲੋਕ ਵਰਮਾ ਨੇ ਆਪਣੇ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਵੱਲੋਂ ਦਾਇਰ ਮੁੱਢਲੀ ਜਾਂਚ ਰਿਪੋਰਟ ਦੀਆਂ ਲੱਭਤਾਂ ਖ਼ਿਲਾਫ਼ ਆਪਣਾ ਜਵਾਬ ਦਾਅਵਾ ਅੱਜ ਸੁਪਰੀਮ ਕੋਰਟ ਨੂੰ ਸੀਲਬੰਦ ਲਿਫ਼ਾਫੇ ’ਚ ਸੌਂਪ ਦਿੱਤਾ। ਇਸ ਤੋਂ ਪਹਿਲਾਂ ਸੀਬੀਆਈ ਮੁਖੀ ਨੇ ਭਲਕੇ ਇਸ ਮਾਮਲੇ ’ਤੇ ਹੋਣ ਵਾਲੀ ਸੁਣਵਾਈ ਅੱਗੇ ਪਾਉਣ ਦੀ ਅਪੀਲ ਕੀਤੀ, ਜਿਸ ਨੂੰ ਸਿਖਰਲੀ ਅਦਾਲਤ ਨੇ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਸੀਵੀਸੀ ਦੀਆਂ ਲੱਭਤਾਂ ਬਾਰੇ ਜਵਾਬ ‘ਜਿੰਨੀ ਛੇਤੀ ਸੰਭਵ ਹੋਵੇ’ ਦਾਖ਼ਲ ਕੀਤਾ ਜਾਵੇ। ਕਾਬਿਲੇਗੌਰ ਹੈ ਕਿ ਵਰਮਾ ਨੂੰ ਸੀਵੀਸੀ ਦੀ ਰਿਪੋਰਟ ਬਾਰੇ ਆਪਣਾ ਜਵਾਬ ਸੀਲਬੰਦ ਲਿਫ਼ਾਫੇ ’ਚ ਅੱਜ (ਸੋਮਵਾਰ) ਬਾਅਦ ਦੁਪਹਿਰ ਇਕ ਵਜੇ ਤਕ ਦਾਖ਼ਲ ਕਰਨ ਲਈ ਕਿਹਾ ਗਿਆ ਸੀ। ਪਰ ਸੀਬੀਆਈ ਮੁਖੀ ਨੇ ਦੁਪਹਿਰ 12:40 ਵਜੇ ਦੇ ਕਰੀਬ ਸਿਖਰਲੀ ਅਦਾਲਤ ਵਿੱਚ ਪੇਸ਼ ਹੁੰਦਿਆਂ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਕੋਲੋਂ ਜਵਾਬ ਦਾਖ਼ਲ ਕਰਨ ਲਈ ਹੋਰ ਸਮਾਂ ਮੰਗਿਆ। ਬੈਂਚ ਵਿੱਚ ਸ਼ਾਮਲ ਜਸਟਿਸ ਐਸ.ਕੇ. ਕੌਲ ਤੇ ਕੇ.ਐਮ.ਜੋਜ਼ੇਫ਼ ਨੇ ਵਰਮਾ ਦੇ ਵਕੀਲ ਗੋਪਾਲ ਸ਼ੰਕਰਨਰਾਇਣਨ ਨੂੰ ਕਿਹਾ, ‘ਅਸੀਂ ਤਰੀਕ (ਸੁਣਵਾਈ ਦੀ) ਨਹੀਂ ਬਦਲਾਂਗੇ। ਤੁਸੀਂ ਜਿੰਨੀ ਜਲਦੀ ਸੰਭਵ ਹੋ ਸਕੇ ਜਵਾਬ ਦਾਖ਼ਲ ਕਰੋ ਕਿਉਂਕਿ ਅਸੀਂ ਇਸ ਨੂੰ ਪੜ੍ਹਨਾ ਹੈ।’ ਵਕੀਲ ਨੇ ਹਾਲਾਂਕਿ ਸੁਪਰੀਮ ਕੋਰਟ ਤੋਂ ਥੋੜ੍ਹਾ ਹੋਰ ਸਮਾਂ ਮੰਗਦਿਆਂ ਵਰਮਾ ਦਾ ਜਵਾਬ ਦਾਅਵਾ ਦੁਪਹਿਰ ਇਕ ਵਜੇ ਸਕੱਤਰ ਜਨਰਲ ਦੇ ਦਫ਼ਤਰ ’ਚ ਜਮ੍ਹਾਂ ਕਰਵਾ ਦਿੱਤਾ। ਸੁਪਰੀਮ ਕੋਰਟ ਨੇ 16 ਨਵੰਬਰ ਨੂੰ ਵਰਮਾ, ਅਟਾਰਨੀ ਜਨਰਲ ਕੇ.ਕੇ.ਵੇਣੂਗੋਪਾਲ ਤੇ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ, ਜਿਨ੍ਹਾਂ ਨੂੰ ਸੀਵੀਸੀ ਦੀ ਗੁਪਤ ਰਿਪੋਰਟ ਸੌਂਪੀ ਗਈ ਸੀ, ਨੂੰ ਇਸ ਬਾਬਤ ਭੇਤ ਗੁਪਤ ਰੱਖਣ ਦੀ ਤਾਕੀਦ ਕਰਦਿਆਂ ਕਿਹਾ ਸੀ ਕਿ ਲੋਕਾਂ ਦਾ ਕੇਂਦਰੀ ਜਾਂਚ ਏਜੰਸੀ ਜਿਹੀਆਂ ਸੰਸਥਾਵਾਂ ’ਚ ਭਰੋਸਾ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ।
INDIA ਵਰਮਾ ਵੱਲੋਂ ਸੁਪਰੀਮ ਕੋਰਟ ’ਚ ਜਵਾਬ ਦਾਖ਼ਲ