ਵਪਾਰੀ ਨੂੰ ਗੋਲੀਆਂ ਮਾਰ ਕੇ ਲੁੱਟਣ ਵਾਲਿਆਂ ਦੀ ਵੀਡੀਓ ਫੁਟੇਜ ਜਾਰੀ

ਬੀਤੇ ਦਿਨੀ ਇੱਥੇ ਲਿੰਕ ਰੋਡ ’ਤੇ ਕੁਝ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਸ਼ਹਿਰ ਦੇ ਇਕ ਵਪਾਰੀ ’ਤੇ ਗੋਲੀ ਚਲਾ ਕੇ ਗੰਭੀਰ ਜ਼ਖਮੀ ਕਰਨ ਉਪਰੰਤ ਪੈਸਿਆਂ ਵਾਲਾ ਬੈਗ ਖੋਹ ਲਿਆ ਸੀ ਤੇ ਫਰਾਰ ਹੋ ਗਏ ਸਨ। ਇਸ ਮਾਮਲੇ ਸਬੰਧੀ ਪੁਲੀਸ ਨੇ ਮੁਲਜ਼ਮਾਂ ਦਾ ਫੁਟੇਜ ਜਾਰੀ ਕੀਤੀ ਹੈ।
ਇਸ ਮਾਮਲੇ ਸਬੰਧੀ ਐਸ.ਪੀ. (ਜਾਂਚ) ਤਰੁਨ ਰਤਨ ਨੇ ਦੱਸਿਆ ਕਿ ਸ਼ਹਿਰ ਦਾ ਦਾਲ ਦਾ ਵਪਾਰੀ ਰਾਜੇਸ਼ ਕੁਮਾਰ ਉਰਫ ਗੋਗੀ ਦੇਰ ਸ਼ਾਮ ਨੂੰ ਆਪਣੀ ਦੁਕਾਨ ਤੋਂ ਘਰ ਜਾ ਰਿਹਾ ਸੀ ਜਦੋਂ ਉਹ ਆਪਣੇ ਘਰ ਦੇ ਮੋੜ ’ਤੇ ਪੁੱਜਾ ਤਾਂ ਉਥੇ ਪਹਿਲਾਂ ਤੋਂ ਮੂੰਹ ਬੰਨੀ ਖੜ੍ਹੇ ਦੋ ਵਿਅਕਤੀਆਂ ਨੇ ਉਸ ਦੀ ਸਕੂਟਰੀ ਨੂੰ ਧੱਕਾ ਮਾਰਿਆ ਅਤੇ ਉਸ ਨੂੰ ਹੇਠਾਂ ਸੁੱਟ ਕੇ ਪੈਸਿਆਂ ਵਾਲਾ ਬੈਗ ਖੋਹਣ ਲੱਗੇ, ਦੋਵਾਂ ਜਣਿਆਂ ’ਚੋਂ ਇਕ ਨੇ ਗੋਗੀ ਉਪਰ ਗੋਲੀ ਚਲਾ ਦਿੱਤੀ ਜੋ ਕਿ ਉਸ ਦੇ ਇਕ ਪੱਟ ਅਤੇ ਦੂਸਰੀ ਪੇਟ ਦੇ ਹੇਠਾਂ ਲੱਗੀ। ਲੁਟੇਰੇ ਪੈਸਿਆਂ ਵਾਲਾ ਬੈਗ ਖੋਹ ਕੇ ਪੈਦਲ ਹੀ ਫਰਾਰ ਹੋ ਗਏ। ਸਥਾਨਕ ਲੋਕਾਂ ਨੇ ਗੋਗੀ ਨੂੰ ਇਕ ਨਿੱਜੀ ਹਸਪਤਾਲ ’ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਪੱਟ ਵਾਲੀ ਗੋਲੀ ਤਾਂ ਕੱਢ ਦਿੱਤੀ। ਇਸੇ ਦੌਰਾਨ ਘਟਨਾ ਸਥਾਨ ’ਤੇ ਸੀਨੀਅਰ ਪੁਲੀਸ ਕਪਤਾਨ ਵਰਿੰਦਰ ਸਿੰਘ ਬਰਾੜ ਅਤੇ ਜ਼ਿਲੇ ਦੇ ਹੋਰ ਪੁਲੀਸ ਅਧਿਕਾਰੀ ਪਹੁੰਚੇ ਅਤੇ ਗੋਗੀ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਆਰੰਭ ਦਿੱਤੀ, ਹਾਜ਼ਰ ਅਧਿਕਾਰੀਆਂ ਅਨੁਸਾਰ ਕੈਮਰਿਆਂ ’ਚ ਲੁਟੇਰੇ ਭੱਜੇ ਜਾਂਦੇ ਨਜਰ ਆ ਰਹੇ ਹਨ। ਪੁਲੀਸ ਨੇ ਸ਼ਾਰੇ ਸ਼ਹਿਰ ’ਚ ਨਾਕਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਆਰੰਭ ਦਿੱਤੀ ਹੈ। ਪ੍ਰੰਤੂ ਅਜੇ ਤਕ ਪੁਲੀਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ। ਪੁਲੀਸ ਨੇ ਕੈਮਰਿਆਂ ਤੋਂ ਮਿਲੀਆਂ ਲੁਟੇਰਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਜਾਂਚ ’ਚ ਲੱਗੇ ਥਾਣਾ ਸੀਆਈਏ ਦੇ ਇੰਚਾਰਜ ਲਖਵੀਰ ਸਿੰਘ ਸੰਧੂ ਨੇ ਆਖਿਆ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।