ਲੱਖਾਂ ਦੀ ਆਬਾਦੀ ਤੇ ਲੱਖਾਂ ਦੀ ਗਿਣਤੀ ਵਿੱਚ ਵਾਹਨਾਂ ਨੂੰ ਲੁਧਿਆਣਾ ਵਿੱਚ ਕੰਟਰੋਲ ਕਰਨਾ ਹੁਣ ਲੱਗਦਾ ਹੈ ਕਿ ਇੱਥੋਂ ਦੀ ਟਰੈਫਿਕ ਪੁਲੀਸ ਦੇ ਵੱਸ ਦੀ ਗੱਲ ਨਹੀਂ ਰਹੀ ਹੈ। ਸਨਅਤੀ ਸ਼ਹਿਰ ਦਾ ਕੋਈ ਹਿੱਸਾ ਹੀ ਅਜਿਹਾ ਹੋਵੇਗਾ ਜਿੱਥੇ ਸਵੇਰੇ-ਸ਼ਾਮ ਲੋਕ ਟਰੈਫਿਕ ਜਾਮ ਵਿੱਚ ਨਾ ਫੱਸਦੇ ਹੋਣ। ਸਭ ਤੋਂ ਮਾੜਾ ਹਾਲ ਲੁਧਿਆਣਾ ਵਿੱਚ ਤਿਉਹਾਰਾਂ ਅਤੇ ਛੁੱਟੀ ਵਾਲੇ ਦਿਨ ਰਹਿੰਦਾ ਹੈ। ਹਰ ਐਤਵਾਰ ਨੂੰ ਸ਼ਹਿਰ ਵਾਸੀ ਸਾਰਾ ਦਿਨ ਵੱਖ ਵੱਖ ਇਲਾਕਿਆਂ ਵਿੱਚ ਘੰਟਿਆਂਬੱਧੀ ਜਾਮ ਵਿੱਚ ਫੱਸ ਕੇ ਆਪਣਾ ਸਮਾਂ ਤੇ ਪੈਟਰੋਲ-ਡੀਜ਼ਲ ਖ਼ਰਾਬ ਕਰ ਰਹੇ ਹਨ। ਟਰੈਫਿਕ ਪੁਲੀਸ ਦੇ ਕਥਿਤ ਮਾੜੇ ਪ੍ਰਬੰਧਨ ਕਾਰਨ ਸ਼ਹਿਰ ਵਾਸੀਆਂ ਦਾ ਛੁੱਟੀ ਵਾਲਾ ਦਿਨ ਜਾਮ ਵਿੱਚ ਫੱਸ ਕੇ ਲੰਬੀਆਂ ਕਤਾਰਾਂ ਵਿੱਚ ਹੀ ਲੰਘ ਜਾਂਦਾ ਹੈ। ਸ਼ਹਿਰ ਤੋਂ ਇਲਾਵਾ ਲਾਡੋਵਾਲ ਟੋਲ ਪਲਾਜ਼ਾ ’ਤੇ ਵੀ ਐਤਵਾਰ ਨੂੰ ਸਵੇਰੇ-ਸ਼ਾਮ ਇੱਕ ਕਿੱਲੋਮੀਟਰ ਤੱਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲੀਸ ਨੂੰ ਪਤਾ ਹੈ ਕਿ ਹਰ ਐਤਵਾਰ ਅਤੇ ਛੁੱਟੀ ਵਾਲੇ ਦਿਨ ਸ਼ਹਿਰ ਦੇ ਕਿਸ- ਕਿਸ ਹਿੱਸੇ ਵਿੱਚ ਜ਼ਿਆਦਾ ਟਰੈਫਿਕ ਜਾਮ ਲੱਗਦਾ ਹੈ, ਪਰ ਇਸ ਦੇ ਬਾਵਜੂਦ ਕੋਈ ਇੰਤਜ਼ਾਮ ਨਹੀਂ ਕੀਤੇ ਜਾਂਦੇ ਹਨ। ਦਰਅਸਲ, ਐਤਵਾਰ ਨੂੰ ਦੁਪਹਿਰ ਵੇਲੇ ਹੀ ਸ਼ਹਿਰ ਦੀਆਂ ਸੜਕਾਂ ’ਤੇ ਟਰੈਫਿਕ ਜਾਮ ਵਰਗੇ ਹਾਲਾਤ ਹੋ ਜਾਂਦੇ ਹਨ। ਸਨਅਤੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਸ਼ਹਿਰ ਦੇ ਲੋਕਾਂ ਤੋਂ ਇਲਾਵਾ ਲੁਧਿਆਣਾ ਨੇੜਲੇ ਕਈ ਜ਼ਿਲ੍ਹਿਆਂ ਵਿੱਚੋਂ ਲੋਕ ਗਰਮ ਕੱਪੜੇ ਤੇ ਹੋਰ ਸਾਮਾਨ ਦੀ ਖਰੀਦਦਾਰੀ ਕਰਨ ਲਈ ਆਉਂਦੇ ਹਨ ਜਿਸ ਕਾਰਨ ਸ਼ਹਿਰ ਵਿੱਚ ਟਰੈਫਿਕ ਦਾ ਮਾੜਾ ਹਾਲ ਹੋ ਜਾਂਦਾ ਹੈ। ਟਰੈਫਿਕ ਜਾਮ ਦੇ ਹਾਲਾਤ ਇਹ ਹੁੰਦੇ ਹਨ ਕਿ ਸ਼ਹਿਰ ਦੇ ਜਿਸ ਇਲਾਕੇ ਵਿੱਚ ਆਮ ਦਿਨਾਂ ਦੌਰਾਨ ਦੋ ਪਹੀਆ ਵਾਹਨ ’ਤੇ ਜਾਣ ਲਈ 15 ਮਿੰਟ ਲੱਗਦੇ ਹਨ ਉੱਥੇ ਐਤਵਾਰ ਨੂੰ ਇਹ ਸਫ਼ਰ 40 ਤੋਂ 45 ਮਿੰਟ ਵਿੱਚ ਤੈਅ ਹੁੰਦਾ ਹੈ। ਸਨਅਤੀ ਸ਼ਹਿਰ ਦੇ ਮਾਤਾ ਰਾਣੀ ਚੌਕ, ਦਰੇਸੀ, ਕਪੂਰ ਹਸਪਤਾਲ ਵਾਲਾ ਚੌਕ, ਘੰਟਾ ਘਰ, ਰੇਖੀ ਸਿਨੇਮਾ ਰੋਡ, ਜਗਰਾਉਂ ਪੁਲ, ਫੀਲਡਗੰਜ, ਗਾਂਧੀ ਨਗਰ ਵਰਗੇ ਇਲਾਕੇ ਅਜਿਹੇ ਹਨ ਜਿੱਥੇ ਐਤਵਾਰ ਨੂੰ ਸਵੇਰ ਤੋਂ ਸ਼ਾਮ ਤੱਕ ਜਾਮ ਲੱਗਿਆ ਰਹਿੰਦਾ ਹੈ। ਦਰੇਸੀ ਤੋਂ ਮਾਤਾ ਰਾਣੀ ਚੌਕ ਤੱਕ ਇੱਕ ਕਿੱਲੋਮੀਟਰ ਦੀ ਸੜਕ ’ਤੇ ਜਾਮ ਲੱਗਿਆ ਰਹਿੰਦਾ ਹੈ। ਇਸੇ ਤਰ੍ਹਾਂ ਪੁਰਾਣੀ ਕਚਹਿਰੀ ਤੋਂ ਏਸੀ ਮਾਰਕਿਟ ਵੱਲ ਆਉਣ ਵਾਲੇ ਪੁਲ ’ਤੇ ਵੀ ਵੱਡਾ ਜਾਮ ਲੱਗਿਆ ਰਹਿੰਦਾ ਹੈ। ਇਸ ਤੋਂ ਇਲਾਵਾ ਸਮਰਾਲਾ ਚੌਕ, ਬਸਤੀ ਜੋਧੇਵਾਲ ਚੌਕ, ਰਾਹੋਂ ਰੋਡ, ਸ਼ਿਵਪੁਰੀ ਚੌਕ, ਗਿੱਲ ਰੋਡ, ਜਨਤਾ ਨਗਰ, ਚੀਮਾ ਚੌਕ, ਅਰੋੜਾ ਪੈਲੇਸ ਰੋਡ, ਦੁਗਰੀ ਰੋਡ ਨਹਿਰ, ਹੈਬੋਵਾਲ, ਤਾਜਪੁਰ ਰੋਡ ਤੇ ਸ਼ੇਰਪੁਰ ਚੌਕ ਵਿੱਚ ਛੁੱਟੀ ਵਾਲੇ ਦਿਨ ਜ਼ਿਆਦਾ ਭੀੜ ਰਹਿੰਦੀ ਹੈ। ਲੋਕਾਂ ਨੂੰ ਇਨ੍ਹਾਂ ਇਲਾਕਿਆਂ ਵਿੱਚ ਟਰੈਫਿਕ ਜਾਮ ’ਚ ਫੱਸ ਪ੍ਰੇਸ਼ਾਨੀ ਝੱਲਣੀ ਪਈ। ਨੈਸ਼ਨਲ ਹਾਈਵੇਅ ਲਾਡੋਵਾਲ ਟੋਲ ਪਲਾਜ਼ਾ ’ਤੇ ਲੋਕਾਂ ਨੂੰ ਵੱਧ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਸੇ ਤਰ੍ਹਾਂ ਬਿਆਸ, ਅੰਮ੍ਰਿਤਸਰ ਤੇ ਹੋਰ ਧਾਰਮਿਕ ਸਥਾਨਾਂ ’ਤੇ ਜਾਣ ਵਾਲੇ ਲੋਕਾਂ ਨੂੰ ਇੱਥੇ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
INDIA ਲੁਧਿਆਣਾ ਦਾ ‘ਟਰੈਫਿਕ’ ਹੋਇਆ ਪੁਲੀਸ ਦੇ ਵੱਸ ਤੋਂ ਬਾਹਰ