ਨਸ਼ੇ ਦੀ ਪੂਰਤੀ ਲਈ ਲੋਕਾਂ ਨੂੰ ਚਾਕੂ ਨਾਲ ਡਰਾ-ਧਮਕਾ ਕੇ ਲੁੱਟਖੋਹ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਲੁੱਟੇ ਹੋਏ ਛੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਪੁਲੀਸ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਨ ’ਚ ਲੱਗੀ ਹੋਈ ਹੈ। ਏਡੀਸੀਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 29 ਦਸੰਬਰ ਨੂੰ ਨਿਊ ਅਸ਼ੋਕ ਨਗਰ ਵਾਸੀ ਫਿਰੋਜ਼ ਆਲਮ ਨੇ ਪੁਲੀਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਹ ਬਾਅਦ ਦੁਪਹਿਰ ਟੈਂਟ ਲਾ ਰਿਹਾ ਸੀ। ਇਸੇ ਦੌਰਾਨ ਬਾਥਰੂਮ ਕਰਨ ਲਈ ਲਾਈਨਾਂ ਕੋਲ ਗਿਆ। ਅਚਾਨਕ ਦੋ ਨੌਜਵਾਨ ਆਏ ਤੇ ਉਸਦੀ ਗਰਦਨ ’ਤੇ ਛੁਰਾ ਰੱਖ ਕੇ ਉਸ ਤੋਂ ਮੋਬਾਈਲ ਫੋਨ ਅਤੇ 870 ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪੁਲੀਸ ਨੇ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਚਾਂਦਨੀ ਚੌਕ ਇਲਾਕੇ ਵਿੱਚ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਪੁਲੀਸ ਨੇ ਸਕੂਟਰ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਹਿਰਾਸਤ ’ਚ ਲੈ ਲਿਆ। ਮੁਲਜ਼ਮਾਂ ਦੀ ਪਛਾਣ ਨਿਊ ਅਸ਼ੋਕ ਨਗਰ ਵਾਸੀ ਗੁਰਮਿੰਦਰ ਸਿੰਘ ਉਰਫ਼ ਸੋਨੂੰ ਤੇ ਸਰੂਪ ਨਗਰ ਵਾਸੀ ਅਮਨ ਕੁਮਾਰ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਵੱਖ-ਵੱਖ ਲੋਕਾਂ ਤੋਂ ਲੁੱਟੇ ਹੋਏ ਛੇ ਮੋਬਾਈਲ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਇਸ ਤੋਂ ਪਹਿਲਾਂ ਵੀ ਮੁਲਜ਼ਮਾਂ ਖਿਲ਼ਾਫ਼ ਥਾਣਾ ਡਿਵੀਜ਼ਨ ਨੰਬਰ 4 ’ਚ ਕੇਸ ਦਰਜ ਹੈ।
INDIA ਲੁਟੇਰਾ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ