ਚੰਡੀਗੜ੍ਹ- ਇਥੇ ਹੱਲੋਮਾਜਰਾ ਵਿਚੋਂ ਭੇਤਭਰੇ ਢੰਗ ਨਾਲ ਦੋ ਲੜਕੀਆਂ ਅਤੇ ਦੋ ਲੜਕਿਆਂ ਦੇ ਗੁੰਮ ਹੋਣ ਕਾਰਨ ਲੋਕ ਪੁਲੀਸ ਦੀ ਕਥਿਤ ਢਿੱਲੀ ਕਾਰਵਾਈ ਵਿਰੁੱਧ ਭੜਕ ਗਏ ਅਤੇ ਅੱਜ ਚੰਡੀਗੜ੍ਹ-ਜ਼ੀਰਕਪੁਰ ਸੜਕ ’ਤੇ ਪ੍ਰਦਰਸ਼ਨ ਕਰਕੇ ਜਾਮ ਲਗਾ ਦਿੱਤਾ। ਲੋਕਾਂ ਦੇ ਪ੍ਰਦਰਸ਼ਨ ਤੋਂ ਬਾਅਦ ਪੁਲੀਸ ਵੱਲੋਂ ਬੱਚਿਆਂ ਨੂੰ ਲੱਭਣ ਲਈ ਕਾਰਵਾਈ ਕੀਤੀ ਗਈ ਅਤੇ ਲੰਘੀ ਰਾਤ ਗੁੰਮ ਹੋਈਆਂ ਦੋ ਲੜਕੀਆਂ ਤਾਂ ਮਿਲ ਗਈਆਂ ਪਰ ਮੁੰਡਿਆਂ ਦੀ ਕੋਈ ਸੂਹ ਨਹੀਂ ਲੱਗੀ। ਪ੍ਰਾਪਤ ਜਾਣਕਾਰੀ ਅਨੁਸਾਰ 18 ਦਸੰਬਰ ਨੂੰ ਹੱਲੋਮਾਜਰਾ ਦੇ ਦੋ ਸਕੂਲੀ ਵਿਦਿਆਰਥੀ ਆਪਣੇ ਘਰੋਂ ਭੇਤ ਭਰੇ ਢੰਗ ਨਾਲ ਗੁੰਮ ਹੋ ਗਏ ਸਨ। ਇਸੇ ਤੋਂ ਬਾਅਦ ਲੰਘੀ ਰਾਤ ਹੱਲੋਮਾਜਰਾ ਦੀਆਂ ਹੀ ਦੋ ਨਬਾਲਗ ਕੁੜੀਆਂ ਅਚਨਚੇਤ ਗੁੰਮ ਹੋ ਗਈਆਂ ਜਿਸ ਕਾਰਨ ਲੋਕਾਂ ਵਿਚ ਰੋਸ ਦੀ ਭਾਵਨਾ ਪੈਦਾ ਹੋ ਗਈ। ਜਦੋਂ ਅੱਜ ਸਵੇਰ ਤਕ ਇਨ੍ਹਾਂ ਚਾਰ ਬੱਚਿਆਂ ਦਾ ਕੋਈ ਪਤਾ ਨਾ ਲੱਗਾ ਤਾਂ ਲੋਕਾਂ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਬੱਚਿਆਂ ਨੂੰ ਲੱਭਣ ਲਈ ਠੋਸ ਕਾਰਵਾਈ ਨਹੀਂ ਕੀਤੀ ਗਈ। ਭੜਕੇ ਹੋਏ ਲੋਕ ਚੰਡੀਗੜ੍ਹ-ਜ਼ੀਰਕਪੁਰ ਸੜਕ ’ਤੇ ਆ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜ਼ੀਰਕਪੁਰ ਅਤੇ ਚੰਡੀਗੜ੍ਹ ਵੱਲ ਦੋਵੇਂ ਪਾਸੇ ਜਾਮ ਲੱਗ ਗਿਆ ਅਤੇ ਸਥਿਤੀ ਬੇਕਾਬੂ ਹੋ ਗਈ। ਇਸੇ ਦੌਰਾਨ ਸੈਕਟਰ-31 ਥਾਣੇ ਦੀ ਮੁਖੀ ਗੁਰਜੀਤ ਕੌਰ ਨੇ ਪ੍ਰਦਰਸ਼ਨਕਾਰੀਆਂ ਅਤੇ ਗੁੰਮ ਹੋਏ ਬੱਚਿਆਂ ਦੇ ਮਾਪਿਆਂ ਨੂੰ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਦੋ ਵੱਖ-ਵੱਖ ਪਰਚੇ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਲੋਕਾਂ ਦਾ ਰੋਹ ਠੰਢਾ ਨਹੀਂ ਹੋਇਆ ਅਤੇ ਸੜਕ ਉਪਰ ਨਾਅਰੇਬਾਜ਼ੀ ਚਲਦੀ ਰਹੀ। ਉਚ ਪੁਲੀਸ ਅਧਿਕਾਰੀਆਂ ਵੱਲੋਂ ਬੱਚਿਆਂ ਨੂੰ ਲੱਭਣ ਦਾ ਭਰੋਸਾ ਦੇਣ ਤੋਂ ਬਾਅਦ ਉਨ੍ਹਾਂ ਦੇ ਮਾਪੇ ਸ਼ਾਂਤ ਹੋਏ ਅਤੇ ਲੋਕਾਂ ਨੇ ਪ੍ਰਦਰਸ਼ਨ ਖਤਮ ਕਰਕ ਸੜਕ ਖਾਲੀ ਕਰ ਦਿੱਤੀ। ਬਾਅਦ ਵਿਚ ਐਸਐਚਓ ਗੁਰਜੀਤ ਕੌਰ ਨੇ ਲੜਕੀਆਂ ਨਾਲ ਫੋਨ ਰਾਹੀਂ ਸੰਪਰਕ ਕੀਤਾ ਅਤੇ ਪਤਾ ਲੱਗਾ ਕਿ ਉਹ ਅੰਬਾਲਾ ਗਈਆਂ ਸਨ। ਪੁਲੀਸ ਅਨੁਸਾਰ ਬਾਅਦ ਵਿਚ ਲੜਕੀਆਂ ਵਾਪਸ ਆਪਣੇ ਘਰਾਂ ਨੂੰ ਆ ਗਈਆਂ। ਸੂਤਰਾਂ ਅਨੁਸਾਰ ਐਸਐਚਓ ਗੁਰਜੀਤ ਕੌਰ ਨੇ ਗੁੰਮ ਹੋਏ ਦੋ ਮੰਡਿਆਂ ਦੇ ਘਰਾਂ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਹੈ ਜਿਸ ਤੋਂ ਜਾਣਕਾਰੀ ਮਿਲੀ ਕਿ ਦੋਵੇਂ ਮੁੰਡੇ ਪਿੱਠੂ ਬੈਗ ਪਾ ਕੇ ਜਾ ਰਹੇ ਸਨ ਅਤੇ ਇਸ ਦੌਰਾਨ ਉਹ ਆਪਣੇ ਦੋਸਤਾਂ ਨੂੰ ਵੀ ਮਿਲੇ।
INDIA ਲਾਪਤਾ ਬੱਚਿਆਂ ਦਾ ਥਹੁ-ਪਤਾ ਨਾ ਲੱਗਣ ’ਤੇ ਚੱਕਾ ਜਾਮ