ਰੈਸਤਰਾਂ ‘ਸਰਹੱਦ’ ਵਿਚ ਭਾਸ਼ਾਈ ਅਖ਼ਬਾਰਾਂ ਦੀ ਗੈਲਰੀ ਸਥਾਪਤ

‘ਦਿ ਪੈਸਾ ਅਖ਼ਬਾਰ’, ‘ਜਮੀਂਦਾਰ’, ‘ਡੇਲੀ ਇਨਕਲਾਬ’, ‘ਦਿ ਅਕਾਲੀ ਅੰਮ੍ਰਿਤਸਰ’ ਤੇ ‘ਦਿ ਟ੍ਰਿਬਿਊਨ’ ਦੀਆਂ ਕਤਰਨਾਂ ਬੋਰਡਾਂ ’ਤੇ ਕੀਤੀਆਂ ਗਈਆਂ ਹਨ ਪ੍ਰਦਰਸ਼ਿਤ

ਅਟਾਰੀ ਸਰਹੱਦ ਨੇੜੇ ਸਥਾਪਤ ਰੈਸਤਰਾਂ ‘ਸਰਹੱਦ’ ਵਿਚ ਬਣਾਏ ਗਏ ‘ਮਿਊਜ਼ੀਅਮ ਆਫ਼ ਪੀਸ’ ਵਿਚ ਵਾਧਾ ਕਰਦਿਆਂ ਦੇਸ਼ ਵੰਡ ਤੋਂ ਪਹਿਲਾਂ ਦੀਆਂ ਭਾਸ਼ਾਈ ਅਖ਼ਬਾਰਾਂ ਦੀ ਇੱਕ ਗੈਲਰੀ ਸਥਾਪਤ ਕੀਤੀ ਗਈ ਹੈ। ਇਸ ਗੈਲਰੀ ਵਿਚ ਉਸ ਵੇਲੇ ਦੀਆਂ ਉਰਦੂ ਵਿਚ ਛਪਦੀਆਂ ਕੁਝ ਅਖ਼ਬਾਰਾਂ ਦੀਆਂ ਕਤਰਨਾਂ ਬੋਰਡਾਂ ਉੱਤੇ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਅਖਬਾਰਾਂ ਵਿਚ ‘ਦਿ ਪੈਸਾ ਅਖ਼ਬਾਰ’, ‘ਜਮੀਂਦਾਰ’, ‘ਡੇਲੀ ਇਨਕਲਾਬ’ ਅਤੇ ‘ਦਿ ਅਕਾਲੀ ਅੰਮ੍ਰਿਤਸਰ’ ਸ਼ਾਮਲ ਹਨ, ਜੋ ਉਸ ਸਮੇਂ ਲਾਹੌਰ ਤੋਂ ਛਪਦੀਆਂ ਸਨ। ਵੰਡ ਤੋਂ ਪਹਿਲਾਂ ਇਨ੍ਹਾਂ ਅਖ਼ਬਾਰਾਂ ਵੱਲੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਚਿਣਗ ਭਖਾਉਣ ਵਿਚ ਅਹਿਮ ਭੂਮਿਕਾ ਨਿਭਾਈ ਗਈ ਸੀ। ‘ਦਿ ਪੈਸਾ ਅਖ਼ਬਾਰ’ 1885 ਵਿਚ ਸ਼ੁਰੂ ਕੀਤੀ ਗਈ ਸੀ, ਜਿਸਦੀ ਕੀਮਤ ਉਸ ਵੇਲੇ ਇੱਕ ਪੈਸਾ ਸੀ। ਇਸ ਅਖ਼ਬਾਰ ਨੂੰ ਉਸ ਵੇਲੇ ਚੰਗਾ ਹੁੰਗਾਰਾ ਮਿਲਿਆ ਸੀ ਅਤੇ 1898 ਵਿਚ ਇਸ ਦੀ ਛਪਣ ਗਿਣਤੀ ਪੰਜ ਹਜ਼ਾਰ ਤੱਕ ਪੁੱਜ ਗਈ ਸੀ। ‘ਦਿ ਅਕਾਲੀ ਅਖ਼ਬਾਰ’ ਮਈ 1920 ਵਿਚ ਲਾਹੌਰ ਤੋਂ ਸ਼ੁਰੂ ਪੰਜਾਬੀ ਵਿਚ ਸ਼ੁਰੂ ਹੋਇਆ ਸੀ। ਸੰਨ 1922 ਵਿਚ ਇਸ ਦਾ ਅਖ਼ਬਾਰ ‘ਪਰਦੇਸੀ ਖ਼ਾਲਸਾ’ ਵਿਚ ਰਲੇਵਾਂ ਹੋ ਗਿਆ ਸੀ। ਇਹ ਅਖ਼ਬਾਰ ਮਾਸਟਰ ਤਾਰਾ ਸਿੰਘ ਵੱਲੋਂ ਅੰਮ੍ਰਿਤਸਰ ਤੋਂ ਕੱਢਿਆ ਜਾਂਦਾ ਸੀ। ‘ਪਰਦੇਸੀ ਖ਼ਾਲਸਾ’ ਵੀ ਉਰਦੂ ਵਿਚ ਛਪਦਾ ਸੀ ਅਤੇ ਮਾਸਟਰ ਤਾਰਾ ਸਿੰਘ ਇਸ ਦੇ ਸੰਪਾਦਕ ਸਨ। ਇਹ ਅਖ਼ਬਾਰ ਚਲਾਉਣ ਵਾਸਤੇ ਦੇਸ਼-ਵਿਦੇਸ਼ ਦੇ ਸਿੱਖਾਂ ਵੱਲੋਂ ਮਦਦ ਕੀਤੀ ਜਾਂਦੀ ਸੀ। ਇਨ੍ਹਾਂ ਅਖ਼ਬਾਰਾਂ ਵਿਚ ਛਪੀਆਂ ਉਸ ਵੇਲੇ ਦੀਆਂ ਕਈ ਅਹਿਮ ਖ਼ਬਰਾਂ ਦੀਆਂ ਕਤਰਨਾਂ ਇਸ ਨਵੀਂ ਗੈਲਰੀ ਵਿਚ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਹ ਰੈਸਤਰਾਂ ਅਤੇ ਮਿਊਜ਼ੀਅਮ ਇੱਕ ਸਾਬਕਾ ਆਈਏਐੱਸ ਅਧਿਕਾਰੀ ਡੀ. ਐੱਸ. ਜਸਪਾਲ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਵਿਚ ਅੰਮ੍ਰਿਤਸਰ ਤੇ ਲਾਹੌਰ ਦੇ ਜਾਇਕੇ ਵਾਲੇ ਰਵਾਇਤੀ ਖਾਣਾ ਮਿਲਦਾ ਹੈ। ਇੱਥੇ ਹੀ ਉਨ੍ਹਾਂ ਵੱਲੋਂ ‘ਮਿਊਜ਼ੀਅਮ ਆਫ਼ ਪੀਸ’ ਸਥਾਪਤ ਕੀਤਾ ਗਿਆ ਹੈ। ਸ੍ਰੀ ਜਸਪਾਲ ਨੇ ਕਿਹਾ ਕਿ ਦੇਸ਼ ਵੰਡ ਤੋਂ ਪਹਿਲਾਂ ਭਾਸ਼ਾਈ ਅਖ਼ਬਾਰਾਂ ਦਾ ਵੱਡਾ ਪ੍ਰਭਾਵ ਹੁੰਦਾ ਸੀ ਪਰ ਇਸ ਸਬੰਧੀ ਖੋਜ ਜਾਂ ਅਧਿਐਨ ਘੱਟ ਹੋਏ ਹਨ। ਉਸ ਵੇਲੇ ਹਿੰਦੂ, ਮੁਸਲਿਮ ਅਤੇ ਸਿੱਖਾਂ ਦੇ ਆਪੋ-ਆਪਣੇ ਅਖ਼ਬਾਰ ਵੀ ਸਨ, ਜਿਨ੍ਹਾਂ ਰਾਹੀਂ ਦੇਸ਼ ਭਗਤੀ ਤੋਂ ਇਲਾਵਾ ਆਪੋ-ਆਪਣੀ ਕੌਮ ਦੇ ਹਿੱਤਾਂ ਨੂੰ ਵੀ ਉਭਾਰਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਦੋਵਾਂ ਪਾਸਿਆਂ ਦੀਆਂ ਯੂਨੀਵਰਸਿਟੀਆਂ ਜਾਂ ਖੋਜ ਵਿਦਿਆਰਥੀਆਂ ਵੱਲੋਂ ਇਸ ਵਿਸ਼ੇ ਬਾਰੇ ਵਧੇਰੇ ਖੋਜ ਦੀ ਲੋੜ ਹੈ। ਇਸ ਰੈਸਤਰਾਂ ਵਿਚ ਸਥਾਪਤ ਮਿਊਜ਼ੀਅਮ ਵਿਚ ਅਖ਼ਬਾਰਾਂ ਦੀਆਂ ਕਤਰਨਾਂ ਰਾਹੀਂ ਵੱਖ-ਵੱਖ ਪਹਿਲੂਆਂ ਨੂੰ ਦਰਸਾਇਆ ਗਿਆ ਹੈ, ਜਿਸ ਵਿਚ ਸਾਂਝਾ ਸਭਿਆਚਾਰ ਵੀ ਸ਼ਾਮਲ ਹੈ। ਇਨ੍ਹਾਂ ਵਿਚ ‘ਦਿ ਟ੍ਰਿਬਿਊਨ’ ਦੀਆਂ ਉਸ ਵੇਲੇ ਦੀਆਂ ਕਤਰਨਾਂ ਵੀ ਸ਼ਾਮਲ ਹਨ। ਉਸ ਵੇਲੇ ‘ਦਿ ਟ੍ਰਿਬਿਊਨ’ ਵੀ ਲਾਹੌਰ ਤੋਂ ਛਪਦਾ ਸੀ। ਇੱਥੇ ਆਉਣ ਵਾਲੇ ਲੋਕ ਬੋਰਡਾਂ ਉੱਤੇ ਲੱਗੀਆਂ ਇਨ੍ਹਾਂ ਕਤਰਨਾਂ ਦੀਆਂ ਤਸਵੀਰਾਂ ਨੂੰ ਗੌਰ ਨਾਲ ਦੇਖਦੇ ਤੇ ਪੜ੍ਹਨ ਦਾ ਯਤਨ ਕਰਦੇ ਹਨ।