ਰੁਜ਼ਗਾਰ ਮੌਕਿਆਂ ਬਾਰੇ ਵਿਰੋਧੀ ਧਿਰ ਦਾ ਮੋਦੀ ਸਰਕਾਰ ’ਤੇ ਹਮਲਾ

ਨੌਕਰੀਆਂ ਬਾਰੇ ਰਿਪੋਰਟ ਕਾਰਡ ‘ਕੌਮੀ ਆਫ਼ਤ’: ਰਾਹੁਲ;

ਬੇਰੁਜ਼ਗਾਰ ਨੌਜਵਾਨ ਭਾਜਪਾ ਨੂੰ ਚੋਣਾਂ ’ਚ ਹਰਾਉਣਗੇ: ਅਖਿਲੇਸ਼

ਪਿਛਲੇ ਪੰਜ ਸਾਲਾਂ ਦੌਰਾਨ ਰੁਜ਼ਗਾਰ ਦੇ ਮੌਕਿਆਂ ਬਾਰੇ ਮੀਡੀਆ ’ਚ ਆਈ ਰਿਪੋਰਟ ’ਤੇ ਵਿਰੋਧੀ ਧਿਰ ਅਤੇ ਭਾਜਪਾ ਆਹਮੋ-ਸਾਹਮਣੇ ਆ ਗਏ ਹਨ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਮੋਦੀ ਸਰਕਾਰ ਨੇ ਕੌਮੀ ਨਮੂਨਾ ਸਰਵੇਖਣ ਦਫ਼ਤਰ (ਐਨਐਸਐਸਓ) ਦੀ ਰਿਪੋਰਟ ਨੂੰ ਵੀ ਰੋਕ ਲਿਆ ਹੈ ਤਾਂ ਜੋ ਨੌਕਰੀਆਂ ਦੇ ਅਸਲ ਅੰਕੜੇ ਦਾ ਖ਼ੁਲਾਸਾ ਨਾ ਹੋਵੇ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਦਾ ਰਿਪੋਰਟ ਕਾਰਡ ‘ਕੌਮੀ ਆਫ਼ਤ’ ਵਜੋਂ ਸਾਹਮਣੇ ਆਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੇਰੁਜ਼ਗਾਰੀ ਦੀ ਦਰ 45 ਸਾਲਾਂ ’ਚ ਸਭ ਤੋਂ ਉਪਰਲੇ ਪੱਧਰ ’ਤੇ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰੁਜ਼ਗਾਰ ਦੇ ਅੰਕੜੇ ਜਾਰੀ ਨਾ ਹੋਣ ਇਸ ਲਈ ਕੌਮੀ ਅੰਕੜਾ ਕਮਿਸ਼ਨ ਦੇ ਮੈਂਬਰਾਂ ਨੂੰ ਅਸਤੀਫ਼ੇ ਦੇਣੇ ਪਏ। ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਜੇਕਰ ਅੰਕੜੇ ਜਚਦੇ ਨਹੀਂ ਤਾਂ ਉਨ੍ਹਾਂ ਨਾਲ ਛੇੜਖਾਨੀ ਕਰ ਲਓ ਅਤੇ ਜੇਕਰ ਮਾਹਿਰ ਖ਼ੁਲਾਸਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਸਤੀਫ਼ੇ ਦੇਣ ਲਈ ਮਜਬੂਰ ਕਰ ਦਿਉ। ਐਨਸੀਪੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਵੀ ਰਿਪੋਰਟ ’ਤੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਸੀਪੀਐਮ ਨੇ ਵੀ ਬਿਆਨ ਜਾਰੀ ਕਰਕੇ ਮੰਗ ਕੀਤੀ ਹੈ ਕਿ ਸਰਕਾਰ ਰੁਜ਼ਗਾਰ ਸਬੰਧੀ ਸਾਰੇ ਅੰਕੜੇ ਫੌਰੀ ਜਾਰੀ ਕਰੇ। ਪੋਲਿਟਬਿਊਰੋ ਵੱਲੋਂ ਜਾਰੀ ਬਿਆਨ ਮੁਤਾਬਕ ਕੌਮੀ ਅੰਕੜਾ ਕਮਿਸ਼ਨ ਦੇ ਦੋ ਮੈਂਬਰਾਂ ਨੇ ਬੇਰੁਜ਼ਗਾਰੀ ਦੇ ਅੰਕੜੇ ਕਰਕੇ ਹੀ ਅਸਤੀਫ਼ਾ ਦਿੱਤਾ ਹੈ। ਰਿਪੋਰਟ ਮੁਤਾਬਕ ਪਿੰਡਾਂ ਦੇ 15 ਤੋਂ 29 ਸਾਲਾਂ ਦੇ ਉਮਰ ਵਰਗ ’ਚ ਬੇਰੁਜ਼ਗਾਰੀ ਦੀ ਦਰ 2017-18 ’ਚ ਤਿੰਨ ਗੁਣਾ ਵੱਧ ਕੇ 17.4 ਫ਼ੀਸਦੀ ’ਤੇ ਪਹੁੰਚ ਗਈ ਹੈ। ਪਿੰਡਾਂ ’ਚ ਮਹਿਲਾ ਬੇਰੁਜ਼ਗਾਰਾਂ ਦੀ ਦਰ ਇਸੇ ਵਕਫ਼ੇ ਦੌਰਾਨ 4.8 ਫ਼ੀਸਦੀ ਤੋਂ ਵੱਧ ਕੇ 13.6 ਫ਼ੀਸਦੀ ’ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਮੋਦੀ ਸਰਕਾਰ ਇਸ ਜਾਣਕਾਰੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਸੀਪੀਐਮ ਨੇ ਕਿਹਾ ਕਿ ਸਾਰੇ ਅੰਕੜੇ ਜਾਰੀ ਕਰਕੇ ਉਨ੍ਹਾਂ ਨੂੰ ਸੰਸਦ ’ਚ ਰੱਖਿਆ ਜਾਵੇ ਤਾਂ ਜੋ ਲੋਕਾਂ ਨੂੰ ਅਸਲੀਅਤ ਦਾ ਪਤਾ ਚਲ ਸਕੇ। ਲਖਨਊ: ਬੇਰੁਜ਼ਗਾਰੀ ਦੇ ਅੰਕੜਿਆਂ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਹੀ ਲੋਕ ਸਭਾ ਚੋਣਾਂ ਮਗਰੋਂ ਨਰਿੰਦਰ ਮੋਦੀ ਸਰਕਾਰ ਨੂੰ ਲਾਂਭੇ ਕਰ ਦੇਣਗੇ। ਉਨ੍ਹਾਂ ਆਪਣੇ ਟਵੀਟ ’ਚ ਫਿਲਮ ‘ਉੜੀ: ਦਿ ਸਰਜੀਕਲ ਸਟਰਾਈਕ’ ਦੀ ਮਸ਼ਹੂਰ ਲਾਈਨ ‘ਜੋਸ਼ ਕਿਵੇਂ ਹੈ’ ਦੀ ਤਰਜ਼ ’ਤੇ ਹੈਸ਼ਟੈਗ ਲਾ ਕੇ ‘ਨੌਕਰੀਆਂ ਕਿਵੇਂ ਹਨ’ ਲਾਈਨ ਲਿਖੀ ਹੈ। ਸ੍ਰੀ ਯਾਦਵ ਨੇ ਇਕ ਬਿਆਨ ’ਚ ਕਿਹਾ ਕ ਭਾਜਪਾ ਫ਼ਿਰਕੂ ਮਾਹੌਲ ਪੈਦਾ ਕਰਨ ’ਚ ਮਾਹਿਰ ਹੈ। ਉਨ੍ਹਾਂ ਸਮਾਜਵਾਦੀ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਭਾਜਪਾ ਦੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ।