ਰਾਹੁਲ ਗਾਂਧੀ ਅਤੇ ਡਾ. ਮਨਮੋਹਨ ਸਿੰਘ ਦੀ ਮੁਹਾਲੀ ਫੇਰੀ ਅੱਜ

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਭਲਕੇ ਸੋਮਵਾਰ ਨੂੰ ਮੁਹਾਲੀ ਆਉਣਗੇ। ਸੈਕਟਰ 78 ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿੱਚ ਪੰਦਰਾਂ ਸੌ ਤੋਂ ਵੱਧ ਵਿਅਕਤੀਆਂ ਦੀ ਆਮਦ ਵਾਲਾ ਪੰਡਾਲ ਸਜ ਕੇ ਤਿਆਰ ਹੋ ਗਿਆ ਹੈ ਤੇ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ। ਰੋਜ਼ਾਨਾ ਅਭਿਆਸ ਲਈ ਆਉਣ ਵਾਲੇ ਖਿਡਾਰੀਆਂ ਲਈ 8 ਦਸੰਬਰ ਤੋਂ ਖੇਡ ਸਟੇਡੀਅਮ ਬੰਦ ਕੀਤਾ ਹੋਇਆ ਹੈ। ਸਮੁੱਚੇ ਸਟੇਡੀਅਮ ਦੇ ਅੰਦਰ ਸਮਾਗਮ ਸਬੰਧੀ ਹੋਰਡਿੰਗ ਲਗਾਏ ਗਏ ਹਨ। ਸਟੇਡੀਅਮ ਦੇ ਪਹਿਲਾਂ ਮੌਜੂਦ ਇੱਕੋ ਗੇਟ ਦੀ ਥਾਂ ਚਾਰਦੀਵਾਰੀ ਤੋੜ ਕੇ ਦੋ ਹੋਰ ਨਵੇਂ ਗੇਟ ਉਸਾਰੇ ਗਏ ਹਨ। ਮੁਹਾਲੀ ਵਿੱਚ ਇਹ ਸਮਾਗਮ ‘ਦੀ ਐਸੋਸੀਏਟਡ ਜਰਨਲਜ਼ ਲਿਮਟਿਡ’ ਵੱਲੋਂ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਚੇਅਰਮੈਨ ਮੋਤੀ ਲਾਲ ਵੋਰਾ ਦੀ ਅਗਵਾਈ ਹੇਠ ਹੋ ਰਹੇ ਇਸ ਸਮਾਗਮ ਵਿੱਚ ਨੈਸ਼ਨਲ ਹੈਰਾਲਡ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ‘ਨਵਜੀਵਨ’ ਨਾਂ ਦੇ ਅਖ਼ਬਾਰ ਦੀ ਪੁਨਰ-ਸੁਰਜੀਤੀ ਕੀਤੀ ਜਾਣੀ ਹੈ। ਨਹਿਰੂ ਪਰਿਵਾਰ ਨਾਲ ਜੁੜੇ ਇਸ ਅਖ਼ਬਾਰ ਦਾ ਰੀ-ਲਾਂਚਿੰਗ ਸਮਾਗਮ ਮਹਾਤਮਾ ਗਾਂਧੀ ਦੇ 150 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ। ਮਹਾਤਮਾ ਗਾਂਧੀ ਵੀ ਇਸ ਅਖ਼ਬਾਰ ਨਾਲ ਜੁੜੇ ਰਹੇ ਹਨ। ਸੱਦਾ ਪੱਤਰ ਅਨੁਸਾਰ ਇਸ ਸਮਾਰੋਹ ਵਿੱਚ ਰਾਹੁਲ ਗਾਂਧੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਕਾਰਡ ਉੱਤੇ ਛਾਪੇ ਗਏ ਤਿੰਨ ਨਾਵਾਂ ਵਿੱਚ ਸ਼ੁਮਾਰ ਹੈ। ਜਾਣਕਾਰੀ ਅਨੁਸਾਰ ਸਮਾਗਮ ਵਿੱਚ ਕੈਪਟਨ ਮੰਤਰੀ ਮੰਡਲ ਦੇ ਸਾਰੇ ਵਜ਼ੀਰ, ਪਾਰਟੀ ਦੇ ਵਿਧਾਇਕ ਅਤੇ ਸੰਸਦ ਮੈਂਬਰ ਵੀ ਮੌਜੂਦ ਰਹਿਣਗੇ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮੇਤ ਪ੍ਰਮੁੱਖ ਕਾਂਗਰਸੀ ਆਗੂ ਵੀ ਇਸ ਸਮਾਰੋਹ ਵਿੱਚ ਹਾਜ਼ਰੀ ਭਰਨਗੇ। ਮੁੱਖ ਮੰਤਰੀ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਅੱਜ ਸਾਰਾ ਦਿਨ ਸਟੇਡੀਅਮ ਵਿੱਚ ਮੌਜੂਦ ਰਹੇ ਤੇ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।