‘ਰਾਵਣ’ ਵੱਲੋਂ ਭੂਆ ਆਖੇ ਜਾਣ ਤੋਂ ਮਾਇਆਵਤੀ ਖ਼ਫਾ

ਭੀਮ ਸੈਨਾ ਦੇ ਬਾਨੀ ਚੰਦਰਸ਼ੇਖਰ ਆਜ਼ਾਦ ਉਰਫ਼ ਰਾਵਣ ਵੱਲੋਂ ਭੂਆ ਆਖੇ ਜਾਣ ਤੋਂ ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਔਖੀ ਹੋ ਗਈ ਹੈ ਅਤੇ ਉਸ ਨੇ ਚੰਦਰਸ਼ੇਖਰ ਨਾਲ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਭਾਜਪਾ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਹੈ ਕਿ ਗਊ ਰੱਖਿਆ ਦੇ ਨਾਮ ’ਤੇ ਹਿੰਸਾ ‘ਜਮਹੂਰੀਅਤ ਦੇ ਨਾਮ ’ਤੇ ਧੱਬਾ’ ਹੈ। ਭੀਮ ਸੈਨਾ ਦੇ ਆਗੂ ਨੇ ਜੇਲ੍ਹ ’ਚੋਂ ਆਪਣੀ ਰਿਹਾਈ ਮਗਰੋਂ ਕਿਹਾ ਸੀ ਕਿ ਮਾਇਆਵਤੀ ਉਸ ਦੀ ‘ਭੂਆ’ ਹੈ ਅਤੇ ਦੋਹਾਂ ਦਾ ਖੂਨ ਇਕ ਹੈ। ਮਾਇਆਵਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਲੋਕ ਆਪਣੇ ਆਪ ਨੂੰ ਜਵਾਨ ਦਿਖਾਉਣ ਦੀ ਕੋਸ਼ਿਸ਼ ਤਹਿਤ ਵੱਖ ਵੱਖ ਰਿਸ਼ਤੇਦਾਰੀਆਂ ਉਨ੍ਹਾਂ ਨਾਲ ਘੜ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਦਲਿਤਾਂ ਦੀ ਭਲਾਈ ਲਈ ਫਿਕਰਮੰਦ ਹੈ ਤਾਂ ਉਸ ਨੂੰ ਆਪਣੀ ਜਥੇਬੰਦੀ ਦੀ ਬਜਾਏ ਬਸਪਾ ’ਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਬਸਪਾ ਮੁਖੀ ਨੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਅਟਲ ਬਿਹਾਰੀ ਵਾਜਪਾਈ ਦੇ ਨਾਮ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਭਾਜਪਾ ਨੇ ਜਾਣਨਾ ਚਾਹਿਆ ਕਿ ਮਾਇਆਵਤੀ ਕਿਸ ਤੋਂ ਸੀਟਾਂ ਦੀ ਆਸ ਕਰ ਰਹੀ ਹੈ। ਮਾਇਆਵਤੀ ਨੇ ਬਿਆਨ ’ਚ ਕਿਹਾ ਹੈ ਕਿ ਬਸਪਾ ਉਸ ਪਾਰਟੀ ਨਾਲ ਗਠਜੋੜ ਕਰਨ ਲਈ ਤਿਆਰ ਹੈ ਜੋ ਉਨ੍ਹਾਂ ਨੂੰ ਢੁਕਵੀਆਂ ਸੀਟਾਂ ਦੇਵੇਗਾ। ਯੂਪੀ ਦੇ ਮੀਡੀਆ ਕੋਆਰਡੀਨੇਟਰ ਰਾਕੇਸ਼ ਤ੍ਰਿਪਾਠੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦੋ ਦਹਾਕੇ ਪਹਿਲਾਂ ਉਨ੍ਹਾਂ ਦੇ ਵੱਕਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀ ਕੀ ਉਨ੍ਹਾਂ ਤੋਂ ਹੀ ਸੀਟਾਂ ਦੀ ਆਸ ਰੱਖੀ ਜਾ ਰਹੀ ਹੈ।